Ahmedabad Covid 19 hospital fire: ਗੁਜਰਾਤ: ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਰਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ । ਸ਼ਹਿਰ ਵਿੱਚ ਸਥਿਤ ਸ਼੍ਰੇਅ ਹਸਪਤਾਲ ਵਿੱਚ ਅੱਗ ਲੱਗ ਗਈ। ਸ਼੍ਰੇਅ ਹਸਪਤਾਲ ਕੋਰੋਨਾ ਲਈ ਸਮਰਪਿਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਅੱਗ ICU ਵਿੱਚ ਲੱਗੀ। ਦੇਖਦੇ ਹੀ ਦੇਖਦੇ ਅੱਗ ਨੇ ਇੱਕ ਖ਼ਤਰਨਾਕ ਰੂਪ ਧਾਰਨ ਕਰ ਲਿਆ ਅਤੇ ਇਸ ਦੀ ਲਪੇਟ ਵਿੱਚ ਆ ਕੇ 8 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਪੈਰਾ ਮੈਡੀਕਲ ਸਟਾਫ ਜ਼ਖਮੀ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਸ਼੍ਰੇਅ ਹਸਪਤਾਲ ਵਿੱਚ ਸਵੇਰੇ 3:15 ਵਜੇ ਅੱਗ ਲੱਗੀ। ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਦੇ ICU ਵਿੱਚ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਉੱਥੇ 10 ਕੋਰੋਨਾ ਮਰੀਜ਼ ਮੌਜੂਦ ਸਨ, ਜਦਕਿ ਪੂਰੇ ਹਸਪਤਾਲ ਵਿੱਚ 49 ਕੋਰੋਨਾ ਮਰੀਜ਼ ਸਨ। ਇਸ ਵਿੱਚ 8 ਮਰੀਜ਼ਾਂ ਦੀ ਮੌਤ ਹੋ ਗਈ।
ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਪਹਿਚਾਣ ਅਰਵਿੰਦ ਭਾਵਸਾਰ, ਨਵੀਨਲਾਲ ਸ਼ਾਹ, ਲੀਲਾਵਤੀ ਸ਼ਾਹ, ਆਇਸ਼ਾਬੇਨ ਤਿਰਮੀਸ਼, ਮਨੂਭਾਈ ਰਾਮੀ, ਜੋਤੀ ਸਿੰਧੀ, ਨਰਿੰਦਰ ਸ਼ਾਹ ਅਤੇ ਆਰਿਫ਼ ਮੰਸੂਰ ਦੇ ਰੂਪ ਵਿੱਚ ਹੋਈ ਹੈ। ਆਪਣੀ ਜਾਨ ਗਵਾਉਣ ਵਾਲੇ ਇਨ੍ਹਾਂ ਅੱਠ ਲੋਕਾਂ ਦਾ ਸ਼੍ਰੇਅ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ । ਫਿਲਹਾਲ ਬਾਕੀ ਮਰੀਜ਼ਾਂ ਨੂੰ ਇੱਕ ਹੋਰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ । ਨਾਲ ਹੀ, ਫੋਰੈਂਸਿਕ ਵਿਭਾਗ ਦੀ ਟੀਮ ਜਾਂਚ ਲਈ ਪਹੁੰਚ ਗਈ ਹੈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਟੀਮ ਵੀ ਸ਼੍ਰੇਅ ਹਸਪਤਾਲ ਪਹੁੰਚ ਗਈ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ । ਕੁਝ ਲੋਕਾਂ ਦਾ ਕਹਿਣਾ ਹੈ ਕਿ ਆਈਸੀਯੂ ਵਿੱਚ ਇੱਕ ਸ਼ਾਰਟ ਸਰਕਟ ਹੋਇਆ ਅਤੇ ਅੱਗ ਲੱਗ ਗਈ । ਹਾਲਾਂਕਿ, ਫੋਰੈਂਸਿਕ ਵਿਭਾਗ ਦੀ ਟੀਮ ਜਾਂਚ ਕਰੇਗੀ ਕਿ ਅੱਗ ਕਿਵੇਂ ਲੱਗੀ।