AIIMS Director Randeep Guleria: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ । ਕੋਰੋਨਾ ਦਾ ਨਵਾਂ ਸਟ੍ਰੇਨ ਪਹਿਲੇ ਵਾਲੇ ਵਾਇਰਸ ਨਾਲੋਂ ਕਾਫ਼ੀ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਵਾਲਾ ਹੈ। ਇਸ ਕਾਰਨ ਸਾਰੇ ਦੇਸ਼ ਅਲਰਟ ਹੋ ਗਏ ਹਨ। ਭਾਰਤ ਸਣੇ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਕੁਝ ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ । ਇਸ ਦੌਰਾਨ ਇਸ ਵਾਇਰਸ ਨੂੰ ਲੈ ਕੇ AIIMS ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕੀਤੀ।
ਇਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬ੍ਰਿਟੇਨ ਨੇ ਕੋਰੋਨਾ ਵਾਇਰਸ ਦੇ ਨਵੇਂ ਮਿਉਟੇਸ਼ਨ ਨੂੰ ਆਬਜ਼ਰਵ ਕੀਤਾ ਹੈ । ਉਨ੍ਹਾਂ ਨੇ ਇਹ ਵੀ ਵੇਖਿਆ ਹੈ ਕਿ ਕੋਰੋਨਾ ਦਾ ਇਹ ਜੋ ਨਵਾਂ ਮਿਉਟੇਸ਼ਨ ਹੈ, ਜੋ ਲੰਡਨ ਅਤੇ ਸਾਊਥ ਬ੍ਰਿਟੇਨ ਵਿੱਚ ਪਾਇਆ ਗਿਆ ਹੈ, ਉਨ੍ਹਾਂ ਨੇ ਇਹ ਆਬਜ਼ਰਵ ਕੀਤਾ ਹੈ ਜਿੱਥੇ ਵੀ ਇਹ ਮਿਉਟੇਸ਼ਨ ਹੋਇਆ ਹੈ ਉੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ । ਜਿਸ ਕਾਰਨ ਇਸ ਤੋਂ ਇਹ ਨਤੀਜਾ ਨਿਕਲਿਆ ਹੈ ਕਿ ਇਹ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਉੱਥੇ ਮਰੀਜ਼ਾਂ ਵਿੱਚ ਗੰਭੀਰਤਾ ਨਹੀਂ ਵਧੀ ਹੈ। ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਜ਼ਿਆਦਾ ਜਲਦੀ ਨਾਲ ਫੈਲਦਾ ਹੈ ਤਾਂ ਜਿੱਥੇ ਵੀ ਇਹ ਜਾਵੇਗਾ ਉੱਥੇ ਕੋਰੋਨਾ ਕੇਸ ਵੱਧ ਸਕਦੇ ਹਨ ।
ਦਰਅਸਲ, ਨਵੇਂ ਸਟ੍ਰੇਨ ਨੂੰ ਲੈ ਕੇ ਭਾਰਤ ਦੀ ਤਿਆਰੀ ਨਾਲ ਜੁੜੇ ਸਵਾਲ ‘ਤੇ ਡਾਕਟਰ ਗੁਲੇਰੀਆ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਪਰ ਹੁਣ ਜੋ ਕੇਸ ਆ ਰਹੇ ਹਨ ਉਨ੍ਹਾਂ ਦੀ ਟੈਸਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਹੁਣੇ ਤੱਕ ਅਸੀਂ ਸਿਰਫ ਇਹ ਵੇਖ ਰਹੇ ਸੀ ਕਿ ਕੋਈ ਪਾਜ਼ੀਟਿਵ ਹੈ ਜਾਂ ਨਹੀਂ ਹੈ। ਹੁਣ ਸਾਨੂੰ ਕੁੱਝ ਹੱਦ ਤੱਕ ਵਾਇਰਸ ਦੀ ਜੈਨੇਟਿਕ ਸੀਕਵੈਂਸ ਦੇਖਣ ਦੀ ਵੀ ਜ਼ਰੂਰਤ ਪਵੇਗੀ । ਖਾਸਕਰ ਜਿਹੜੇ ਲੋਕ ਯੂ.ਕੇ. ਤੋਂ ਆ ਰਹੇ ਹਨ ਕਿ ਉਨ੍ਹਾਂ ਵਿੱਚ ਕਿਸੇ ਦੇ ਅੰਦਰ ਨਵੇਂ ਸਟ੍ਰੇਨ ਦਾ ਜੈਨੇਟਿਕ ਸੀਕਵੈਂਸ ਤਾਂ ਨਹੀਂ ਹੈ ਅਤੇ ਜੇਕਰ ਹੈ ਤਾਂ ਉਨ੍ਹਾਂ ਲੋਕਾਂ ਨੂੰ ਅਸੀਂ ਆਇਸੋਲੇਟ ਕਰੋ, ਉਨ੍ਹਾਂ ਲੋਕਾਂ ਦੀ ਸਰਵਿਲਾਂਸ ਜ਼ਿਆਦਾ ਕਰੋ, ਉਨ੍ਹਾਂ ਦੀ ਕਾਂਟੈਕਟ ਟ੍ਰੇਸਿੰਗ ਜ਼ਿਆਦਾ ਕਰੋ ਤਾਂ ਜੋ ਕਮਿਊਨਟੀ ਵਿੱਚ ਇਹ ਸਟ੍ਰੇਨ ਜ਼ਿਆਦਾ ਨਾ ਫੈਲੇ।
ਦੱਸ ਦੇਈਏ ਕਿ ਡਾਕਟਰ ਗੁਲੇਰੀਆ ਨੇ ਅੱਗੇ ਕਿਹਾ ਕਿ ਕੋਰੋਨਾ ਦੇ ਵਧੇਰੇ ਕੇਸ ਹੋਣ ਦੇ ਹੋਰ ਕਾਰਨ ਹੋ ਸਕਦੇ ਹਨ, ਉਥੇ ਜ਼ਿਆਦਾ ਭੀੜ ਹੋ ਸਕਦੀ ਹੈ, ਹੋ ਸਕਦਾ ਹੈ ਲੋਕਾਂ ਨੇ ਮਾਸਕ ਨਾ ਪਾਏ ਹੋਣ, ਅਤੇ ਹੋਰ ਕਾਰਨ ਹੋ ਸਕਦੇ ਹਨ। ਇਸ ਲਈ ਸਾਨੂੰ ਇਹ ਦੱਸਣ ਲਈ ਵਧੇਰੇ ਅੰਕੜਿਆਂ ਦੀ ਜ਼ਰੂਰਤ ਹੈ ਕਿ ਇਸ ਸਟ੍ਰੇਨ ਨਾਲ ਹੀ ਕੇਸਾਂ ਵਿੱਚ ਵਾਧਾ ਹੋਇਆ ਹੈ। ਇਸ ਲਈ ਸਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਅਗਲੇ ਕੁਝ ਦਿਨਾਂ ਵਿੱਚ ਇਹ ਸਪਸ਼ਟ ਹੋ ਜਾਵੇਗਾ ਕਿ ਇਹ ਕਿਸ ਕਾਰਨ ਹੋ ਰਿਹਾ ਹੈ।