Akhilesh yadav on farmers protest : ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਅਮੀਰ ਲੋਕਾਂ ਲਈ ਕਿਸਾਨਾਂ ਨੂੰ ਦਾਅ ‘ਤੇ ਲਗਾ ਰਹੀ ਹੈ। ਅਖਿਲੇਸ਼ ਯਾਦਵ ਨੇ ਇੱਕ ਟਵੀਟ ਵਿੱਚ ਕਿਹਾ, “ਭਾਜਪਾ ਸਰਕਾਰ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਹ ਆਪਣੇ ਆਪ ਨੂੰ ਜਨ ਪ੍ਰਤੀਨਿਧ ਨਹੀਂ ‘ਪੈਸਾ-ਪ੍ਰਤੀਨਿਧੀ’ ਮੰਨਦੀ ਹੈ। ਇਸ ਲਈ ਉਹ ਅਮੀਰ ਲੋਕਾਂ ਲਈ ਕਿਸਾਨਾਂ ਨੂੰ ਦਾਅ ‘ਤੇ ਲਾ ਰਹੀ ਹੈ।” ਉਨ੍ਹਾਂ ਕਿਹਾ, “ਭਾਜਪਾ ਭੁੱਲ ਰਹੀ ਹੈ ਜਿਨ੍ਹਾਂ ਨੂੰ ਉਹ ਨੁਕਸਾਨ ਪਹੁੰਚਾ ਰਹੀ ਹੈ, ਉਹ ਸੰਕਟ ਨਾਲ ਸੰਘਰਸ਼ ਕਰਨ ਵਾਲੇ ਦੇਸ਼ ਦੇ ਦੋ ਤਿਹਾਈ ਲੋਕ ਹਨ, ਜੋ ਕਦੇ ਹਾਰ ਨਹੀਂ ਮੰਨਦੇ।”
ਇਸ ਤੋਂ ਪਹਿਲਾਂ ਸਪਾ ਪ੍ਰਧਾਨ ਨੇ ਸੋਮਵਾਰ ਨੂੰ ਕੇਂਦਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ ਹੋਈ ਬੇਨਤੀਜਾ ਗੱਲਬਾਤ ‘ਤੇ ਨਾਰਾਜ਼ਗੀ ਜਾਹਿਰ ਕਰਦਿਆਂ ਇੱਕ ਹੋਰ ਟਵੀਟ ਵਿੱਚ ਕਿਹਾ,‘ ‘ਭਾਜਪਾ ਸਰਕਾਰ ਨੇ ਅੱਜ ਫਿਰ ਵਿਅਰਥ ਗੱਲਬਾਤ ਕੀਤੀ ਅਤੇ ਅਗਲੀ ਤਰੀਕ ਦੇ ਦਿੱਤੀ।” ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਪਾ ਸੁਪਰੀਮੋ ਨੇ ਕਿਹਾ, “ਹਰ ਵਾਰ ਅੱਧਾ ਦਿਨ ਨਿਕਲਣ ਤੋਂ ਬਾਅਦ ਦੋ ਵਜੇ ਬੈਠਕ ਕਰਨ ਤੋਂ ਹੀ ਲਗਦਾ ਹੈ ਕਿ ਭਾਜਪਾ ਸਰਕਾਰ ਅੱਧੇ ਮਨ ਨਾਲ ਅੱਧਾ ਸਮਾਂ ਕੰਮ ਕਰਕੇ ਇਸ ਅੰਦੋਲਨ ਨੂੰ ਲੰਬਾ ਖਿੱਚਣਾ ਚਾਹੁੰਦੀ ਹੈ।ਜਿਸ ਨਾਲ ਕਿਸਾਨਾਂ ਦਾ ਹੌਂਸਲਾ ਟੁੱਟੇ ਪਰ ਕਿਸਾਨ ਟੁੱਟਣ ਵਾਲੇ ਨਹੀਂ ਹਨ, ਬਲਕਿ ਸੱਤਾ ਦਾ ਹੰਕਾਰ ਤੋੜਨ ਵਾਲੇ ਹਨ।”