ਜੰਮੂ-ਕਸ਼ਮੀਰ ‘ਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ ਹੈ। ਕੱਲ੍ਹ ਹੋਈ ਭਾਰੀ ਬਰਸਾਤ ਤੋਂ ਬਾਅਦ ਅੱਜ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਅਮਰਨਾਥ ਯਾਤਰਾ ਨੂੰ ਅਸਮਾਨ ‘ਚ ਸੰਘਣੇ ਕਾਲੇ ਬੱਦਲਾਂ ਵਿਚਾਲੇ ਮੁੜ ਹਰੀ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਨਾਲ ਸ਼ਰਧਾਲੂਆਂ ਦਾ ਇੱਕ ਹੋਰ ਜਥਾ ਅਮਰਨਾਥ ਯਾਤਰਾ ਲਈ ਰਵਾਨਾ ਹੋ ਗਿਆ ਹੈ।
ਕੱਲ੍ਹ ਪਹਿਲਗਾਮ ਸਮੇਤ ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਨੇ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਸੀ। ਅਜਿਹੇ ‘ਚ ਅਮਰਨਾਥ ਯਾਤਰਾ ਨੂੰ ਵੀ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਦਰਅਸਲ ਪਹਿਲਗਾਮ ‘ਚ ਸਥਿਤ ਚੰਦਰਕੋਟ ਰੋਡ ‘ਤੇ ਕਈ ਘੰਟਿਆਂ ਤੱਕ ਭਾਰੀ ਮੀਂਹ ਕਾਰਨ ਜਾਮ ਹੋ ਗਿਆ ਸੀ। ਇਸ ਲਈ ਸ਼ਰਧਾਲੂਆਂ ਨੂੰ ਪੰਥਾ ਚੌਕ ਬੇਸ ਕੈਂਪ ਵਿੱਚ ਹੀ ਰੋਕ ਲਿਆ ਗਿਆ। ਅੱਜ ਮੀਂਹ ਰੁਕਣ ਤੋਂ ਬਾਅਦ ਪੰਥਾ ਚੌਕ ਬੇਸ ਕੈਂਪ ‘ਤੇ ਰੁਕੇ ਯਾਤਰੀਆਂ ਨੂੰ ਬਾਲਟਾਲ ਅਤੇ ਪਹਿਲਗਾਮ ਭੇਜ ਦਿੱਤਾ ਗਿਆ ਹੈ।
ਸ਼ਰਧਾਲੂਆਂ ਦੀ ਸੁਰੱਖਿਆ ਲਈ ਹਰ ਮੋੜ ‘ਤੇ ਫੌਜ ਦੇ ਜਵਾਨ ਤਾਇਨਾਤ ਹਨ। ਸ਼ਰਧਾਲੂਆਂ ਦੀ ਬੱਸ ਦੇ ਨਾਲ ਸੁਰੱਖਿਆ ਬਲਾਂ ਦੀਆਂ ਕਈ ਗੱਡੀਆਂ ਵੀ ਮੌਜੂਦ ਹਨ। ਹਾਲਾਂਕਿ ਅਸਮਾਨ ਵਿੱਚ ਅਜੇ ਵੀ ਕਾਲੇ ਬੱਦਲ ਹਨ। ਭਾਰਤੀ ਮੌਸਮ ਵਿਭਾਗ (IMD) ਦੇ ਸ਼੍ਰੀਨਗਰ ਸਥਿਤ ਕੇਂਦਰ ਨੇ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਗਰਜ ਅਤੇ ਬਿਜਲੀ ਦੇ ਨਾਲ ਥੋੜ੍ਹੇ-ਥੋੜ੍ਹੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। IMD ਦੇ ਅੰਕੜਿਆਂ ਅਨੁਸਾਰ, 8 ਤੋਂ 10 ਜੁਲਾਈ ਤੱਕ ਜੰਮੂ-ਕਸ਼ਮੀਰ ਦੇ ਕੁਝ ਖੇਤਰਾਂ ਵਿੱਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ। ਸੂਬੇ ਵਿੱਚ 11 ਤੋਂ 13 ਜੁਲਾਈ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜਲੰਧਰ : ਗੁਰਦੁਆਰਾ ਸਾਹਿਬ ‘ਚ ਨੇਪਾਲ ਦੇ ਪਰਵਾਸੀ ਵੱਲੋਂ ਬੇਅਦਬੀ ਦੀ ਕੋਸ਼ਿਸ਼, CCTV ‘ਚ ਕੈਦ ਹੋਈ ਘਟਨਾ
ਜੰਮੂ-ਕਸ਼ਮੀਰ ‘ਚ ਬਦਲਦੇ ਮੌਸਮ ਦੇ ਵਿਚਕਾਰ ਸ਼ਰਧਾਲੂਆਂ ਦੀ ਆਸਥਾ ਵਧਦੀ ਜਾ ਰਹੀ ਹੈ। ਯਾਤਰਾ ਸ਼ੁਰੂ ਹੋਣ ਦੇ ਸਿਰਫ਼ 8 ਦਿਨਾਂ ਦੇ ਅੰਦਰ ਹੀ ਡੇਢ ਲੱਖ ਤੋਂ ਵੱਧ ਲੋਕ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਦੱਸ ਦੇਈਏ ਕਿ ਯਾਤਰਾ ਦੇ ਰੁਕਣ ਤੱਕ 1.59 ਲੱਖ ਸ਼ਰਧਾਲੂ ਪਵਿੱਤਰ ਗੁਫਾ ‘ਚ ਮੱਥਾ ਟੇਕ ਚੁੱਕੇ ਹਨ। ਅੱਜ ਸ਼ਰਧਾਲੂਆਂ ਦਾ ਇੱਕ ਹੋਰ ਜਥਾ ਅਮਰਨਾਥ ਲਈ ਰਵਾਨਾ ਹੋ ਗਿਆ ਹੈ। ਇਹ ਯਾਤਰਾ 19 ਜੁਲਾਈ ਤੱਕ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: