amit shah fake pa arrested: ਪੁਲਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਾਅਲੀ ਪੀ.ਏ. ਸੰਦੀਪ ਚੌਧਰੀ ਨਾਮੀ ਵਿਅਕਤੀ ਨੂੰ ਅਲਵਰ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਹੈ। ਸੰਦੀਪ ਨੇ ਰਾਜਸਥਾਨ ਦੇ ਕਾਨੂੰਨ ਮੰਤਰੀ ਅਤੇ ਹਰਿਆਣਾ ਦੇ ਕਿਰਤ ਮੰਤਰੀ ਨੂੰ ਅਮਿਤ ਸ਼ਾਹ ਦਾ ਪੀਏ ਬਣ ਕੇ ਫੋਨ ਕੀਤਾ ਸੀ ਅਤੇ ਇਕ ਆਦਮੀ ਨੂੰ ਦੁਬਾਰਾ ਨੌਕਰੀ ‘ਤੇ ਰੱਖਣ ਲਈ ਕਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸੰਦੀਪ ਚੌਧਰੀ ਨੇ ਆਪਣੀ ਹੀ ਵਕਾਲਤ ਕੀਤੀ ਸੀ। ਉਸਦੀ ਨੌਕਰੀ ਤਾਲਾਬੰਦੀ ਵਿੱਚ ਚਲੀ ਗਈ ਸੀ। ਉਹ ਇੱਕ ਨਾਮੀ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਸੀ। ਸੰਦੀਪ ਦੇ ਫੋਨ ਤੋਂ ਬਾਅਦ ਰਾਜਸਥਾਨ ਦੇ ਕਾਨੂੰਨ ਮੰਤਰੀ ਦੇ ਦਫਤਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫਤਰ ਨੂੰ ਫੋਨ ਕਰ ਸੰਦੀਪ ਬਾਰੇ ਦੱਸਿਆ ਸੀ।
ਇਸ ਤੋਂ ਬਾਅਦ ਅਮਿਤ ਸ਼ਾਹ ਦੇ ਦਫਤਰ ਨੇ ਕਿਹਾ ਕਿ ਇਥੋਂ ਕੋਈ ਕਾਲ ਨਹੀਂ ਕੀਤੀ ਗਈ ਹੈ। ਅਮਿਤ ਸ਼ਾਹ ਦੇ ਦਫ਼ਤਰ ਤੋਂ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੂੰ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਨੇ ਕੇਸ ਦਰਜ ਕਰ ਮੁਲਜ਼ਮ ਸੰਦੀਪ ਨੂੰ ਅਲਵਰ ਤੋਂ ਗ੍ਰਿਫਤਾਰ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਇਨ੍ਹਾਂ ਮੰਤਰੀਆਂ ਤੋਂ ਇਲਾਵਾ ਉਸਨੇ ਕਿੰਨਾ ਨੂੰ ਫੋਨ ਕੀਤਾ ਹੈ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਸੰਦੀਪ ਚੌਧਰੀ ਦੀ ਯੋਜਨਾ ਮੰਤਰੀਆਂ ਰਾਹੀਂ ਹਰਿਆਣਾ ਜਾਂ ਰਾਜਸਥਾਨ ਉਦਯੋਗਿਕ ਖੇਤਰ ਦੀ ਕਿਸੇ ਵੀ ਫੈਕਟਰੀ ਵਿੱਚ ਨੌਕਰੀ ਹਾਸਿਲ ਕਰਨ ਦੀ ਸੀ। ਉਸ ਕੋਲੋਂ ਫੋਨ ਅਤੇ ਸਿਮ ਬਰਾਮਦ ਕਰ ਲਈ ਗਈ ਹੈ। ਸੰਦੀਪ ਨੇ ਜਿਸ ਸਿਮ ਤੋਂ ਫੋਨ ਕੀਤਾ ਸੀ, ਉਹ ਉਸਦੀ ਸਹੇਲੀ ਦੇ ਨਾਮ ਤੇ ਰਜਿਸਟਰਡ ਹੈ।