ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਾਫ਼ ਹੋ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਸੱਤਵੀਂ ਵਾਰ ਜਿੱਤਦੀ ਨਜ਼ਰ ਆ ਰਹੀ ਹੈ। ਹੁਣ ਤੱਕ ਦੇ ਚੋਣ ਨਤੀਜਿਆਂ ਮੁਤਾਬਕ ਗੁਜਰਾਤ ਵਿੱਚ ਭਾਜਪਾ ਨੂੰ ਬਹੁਮਤ ਮਿਲ ਗਿਆ ਹੈ ਅਤੇ ਪਾਰਟੀ ਹੁਣ ਸਰਕਾਰ ਬਣਾਉਣ ਦੀ ਕਵਾਇਦ ਵਿੱਚ ਲੱਗੀ ਹੋਈ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ‘ਤੇ ਨਿਸ਼ਾਨਾ ਸਾਧਦੇ ਹੋਏ ਅੱਜ ਕਿਹਾ ਕਿ ਸੂਬੇ ਨੇ “ਮੁਫ਼ਤ ਦੇਣ ਦਾ ਵਾਅਦਾ ਕਰਨ ਵਾਲਿਆਂ” ਨੂੰ ਰੱਦ ਕਰ ਦਿੱਤਾ ਹੈ। ਅਮਿਤ ਸ਼ਾਹ ਨੇ ਟਵੀਟ ਵਿੱਚ ਕਿਹਾ, “ਗੁਜਰਾਤ ਨੇ ਨਰਿੰਦਰ ਮੋਦੀ-ਜੀ ਦੀ ਭਾਜਪਾ ਨੂੰ ਇੱਕ ਬੇਮਿਸਾਲ ਫਤਵਾ ਦਿੱਤਾ ਹੈ, ਜੋ ਵਿਕਾਸ ਅਤੇ ਲੋਕ ਭਲਾਈ ਨੂੰ ਦਰਸਾਉਂਦੀ ਹੈ ਉਹਨਾਂ ਨੂੰ ਨਕਾਰ ਕੇ ਜੋ ਮੁਫਤ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਦੇ ਹਨ। ਸ਼ਾਹ ਨੇ ਕਿਹਾ ਇਸ ਵੱਡੀ ਜਿੱਤ ਨੇ ਦਿਖਾਇਆ ਹੈ ਕਿ ਹਰ ਵਰਗ ਭਾਵੇਂ ਔਰਤਾਂ ਹੋਵੇ, ਨੌਜਵਾਨ ਹੋਵੇ ਜਾਂ ਕਿਸਾਨ, ਸਾਰੇ ਦਿਲੋਂ ਭਾਜਪਾ ਦੇ ਨਾਲ ਹਨ। ਗੁਜਰਾਤ ਨੇ ਹਮੇਸ਼ਾ ਇਤਿਹਾਸ ਰਚਿਆ ਹੈ। ਪਿਛਲੇ ਦੋ ਦਹਾਕਿਆਂ ਵਿੱਚ ਮੋਦੀ ਜੀ ਦੀ ਅਗਵਾਈ ਵਿੱਚ ਭਾਜਪਾ ਨੇ ਵਿਕਾਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਜਿੱਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਇਹ ਨਰਿੰਦਰ ਮੋਦੀ ਦੇ ਵਿਕਾਸ ਮਾਡਲ ਵਿੱਚ ਜਨਤਾ ਦੇ ਅਟੁੱਟ ਵਿਸ਼ਵਾਸ ਦੀ ਜਿੱਤ ਹੈ।
ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੇ ਐਲਾਨ ਕੀਤਾ ਹੈ ਕਿ ਗੁਜਰਾਤ ਵਿੱਚ 12 ਦਸੰਬਰ ਨੂੰ ਸਹੁੰ ਚੁੱਕ ਸਮਾਗਮ ਹੋਵੇਗਾ ਅਤੇ ਭੂਪੇਂਦਰ ਭਾਈ ਪਟੇਲ ਮੁੱਖ ਮੰਤਰੀ ਬਣਨਗੇ। ਪ੍ਰਦੇਸ਼ ਭਾਜਪਾ ਪ੍ਰਧਾਨ ਸੀਆਰ ਪਾਟਿਲ ਨੇ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ 12 ਦਸੰਬਰ ਨੂੰ ਦੁਪਹਿਰ 2 ਵਜੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ। ਦੂਜੇ ਪਾਸੇ ਗੁਜਰਾਤ ਦੇ ਸੀਐਮ ਭੂਪੇਂਦਰ ਪਟੇਲ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਫਤਵਾ ਹੁਣ ਸਪੱਸ਼ਟ ਹੈ, ਇੱਥੋਂ ਦੇ ਲੋਕਾਂ ਨੇ ਦੋ ਦਹਾਕਿਆਂ ਤੋਂ ਚੱਲ ਰਹੀ ਗੁਜਰਾਤ ਦੀ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਦਾ ਮਨ ਬਣਾ ਲਿਆ ਹੈ।