Amit Shah hold meeting: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਹਾਲਾਤਾਂ ਦੇ ਮੱਦੇਨਜ਼ਰ ਅੱਜ ਯਾਨੀ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਮੀਟਿੰਗ ਬੁਲਾਈ ਹੈ। ਸਵੇਰੇ 11 ਵਜੇ ਹੋਣ ਵਾਲੀ ਇਸ ਉੱਚ ਪੱਧਰੀ ਬੈਠਕ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ, ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ, ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਅਧਿਕਾਰੀ ਸ਼ਾਮਿਲ ਹੋਣਗੇ ।
ਗ੍ਰਹਿ ਮੰਤਰੀ ਦੀ ਇਹ ਬੈਠਕ ਇਸ ਪੱਖੋਂ ਵੀ ਵਿਸ਼ੇਸ਼ ਹੈ ਕਿਉਂਕਿ ਰਾਜਧਾਨੀ ਵਿੱਚ ਕੋਰੋਨਾ ਕਾਰਨ ਵਿਗੜਦੀ ਸਥਿਤੀ ਦੇ ਪਿੱਛੇ ਕੇਂਦਰ, ਰਾਜ ਅਤੇ ਐਮਸੀਡੀ ਪ੍ਰਸ਼ਾਸਨ ਦਰਮਿਆਨ ਢੁੱਕਵੇਂ ਤਾਲਮੇਲ ਦੀ ਘਾਟ ਦੀ ਗੱਲ ਕੀਤੀ ਗਈ ਹੈ । ਦਿੱਲੀ ਸਰਕਾਰ ਅਤੇ ਐਮਸੀਡੀ ਪ੍ਰਸ਼ਾਸਨ ਦਰਮਿਆਨ ਦੋਸ਼ ਵੀ ਲਗਾਏ ਗਏ ਹਨ ।
ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਾਮ 5 ਵਜੇ ਇੱਕ ਹੋਰ ਬੈਠਕ ਬੁਲਾਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਸਥਿਤੀ ਬਾਰੇ ਇਹ ਦੂਜੀ ਬੈਠਕ ਹੋਵੇਗੀ। ਇਸ ਵਿੱਚ ਦਿੱਲੀ ਨਗਰ ਨਿਗਮ ਦੇ ਸਾਰੇ ਮੇਅਰ ਸ਼ਾਮਿਲ ਹੋਣਗੇ । ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਉਪ ਰਾਜਪਾਲ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ । ਸਿਹਤ ਮੰਤਰੀ ਡਾ: ਹਰਸ਼ਵਰਧਨ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣਗੇ ।
ਦਰਅਸਲ, ਗ੍ਰਹਿ ਮੰਤਰੀ ਨੇ ਇਹ ਬੈਠਕ ਅਜਿਹੇ ਸਮੇਂ ਬੁਲਾਈ ਹੈ ਜਦੋਂ ਦਿੱਲੀ ਵਿੱਚ ਰੋਜ਼ਾਨਾ ਕੋਰੋਨਾ ਦੇ ਮਾਮਲੇ 2 ਹਜ਼ਾਰ ਤੋਂ ਉਪਰ ਆਉਣੇ ਸ਼ੁਰੂ ਹੋ ਗਏ ਹਨ । ਸ਼ਨੀਵਾਰ ਦੇ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ ਦਿੱਲੀ ਵਿੱਚ 2134 ਨਵੇਂ ਕੋਰੋਨਾ ਮਰੀਜ਼ ਪਾਏ ਗਏ ਹਨ । ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿੱਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 38,958 ਹੋ ਗਈ ਹੈ। ਹੁਣ ਤੱਕ ਦਿੱਲੀ ਵਿੱਚ ਇਸ ਵਾਇਰਸ ਕਾਰਨ 1271 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਕ ਚੰਗੀ ਗੱਲ ਇਹ ਹੈ ਕਿ ਹੁਣ ਤੱਕ ਦਿੱਲੀ 14945 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ ।
ਦੱਸ ਦੇਈਏ ਕਿ ਦਿੱਲੀ ਉਨ੍ਹਾਂ ਰਾਜਾਂ ਵਿਚੋਂ ਇੱਕ ਹੈ ਜਿੱਥੇ ਕੋਰੋਨਾ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ । ਇਥੋਂ ਤੱਕ ਕਿ ਅਦਾਲਤ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ ਹੈ । ਦਿੱਲੀ ਹਾਈ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਕੌਮੀ ਰਾਜਧਾਨੀ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਅਤੇ ਬੈੱਡ ਵਧਾਏ ਜਾਣ । ਇਸ ਬਾਰੇ ਅਦਾਲਤ ਨੇ ਵੀਰਵਾਰ ਨੂੰ ਸੁਣਵਾਈ ਕੀਤੀ ਸੀ ।