anna hazare says: ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸ਼ੁੱਕਰਵਾਰ ਨੂੰ ਭਾਜਪਾ ਦੀ ਦਿੱਲੀ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਖ਼ਿਲਾਫ਼ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਨੂੰ ਰੱਦ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਕੋਈ ਵੀ ਪਾਰਟੀ ਦੇਸ਼ ਨੂੰ ਉੱਜਵਲ ਭਵਿੱਖ ਦੇ ਸਕਦੀ ਹੈ। ਹਜ਼ਾਰੇ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਦਿੱਲੀ ਪ੍ਰਦੇਸ਼ ਭਾਜਪਾ ਨੇ ਉਨ੍ਹਾਂ ਨੂੰ ‘ਆਪ’ ਸਰਕਾਰ ਵਿਰੁੱਧ ਅੰਦੋਲਨ ‘ਚ ਸ਼ਾਮਿਲ ਹੋਣ ਲਈ ਕਿਹਾ, ਜਦਕਿ ਭਗਵਾ ਪਾਰਟੀ ਵਿੱਚ ਵੱਡੀ ਗਿਣਤੀ ‘ਚ ਵਰਕਰ ਹਨ ਅਤੇ ਕੇਂਦਰ ‘ਚ ਸੱਤਾ ਵਿੱਚ ਹਨ। ਹਜ਼ਾਰੇ ਨੇ ਇੱਕ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਦੇ ਦਿੱਲੀ ਜਾਣ ਨਾਲ ਕੋਈ ਫਰਕ ਨਹੀਂ ਪਏਗਾ ਕਿਉਂਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਕੋਈ ਵੀ ਪਾਰਟੀ ਦੇਸ਼ ਨੂੰ ਸੁਨਹਿਰਾ ਭਵਿੱਖ ਦੇ ਸਕਦੀ ਹੈ। ਦਿੱਲੀ ਭਾਜਪਾ ਦੇ ਮੁਖੀ ਆਦੇਸ਼ ਗੁਪਤਾ ਨੇ ਸੋਮਵਾਰ ਨੂੰ ਹਜ਼ਾਰੇ ਨੂੰ ਇੱਕ ਪੱਤਰ ਲਿਖਿਆ ਅਤੇ ਅਰਵਿੰਦ ਕੇਜਰੀਵਾਲ ਸਰਕਾਰ ਖਿਲਾਫ ਆਪਣੀ ਪਾਰਟੀ ਦੇ ਵਿਸ਼ਾਲ ਅੰਦੋਲਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ। ਗੁਪਤਾ ਨੇ ‘ਆਪ’ ਸਰਕਾਰ ਬਾਰੇ ਦਾਅਵਾ ਕੀਤਾ ਕਿ ਇਹ “ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਭ੍ਰਿਸ਼ਟਾਚਾਰ ਦਾ ਨਵਾਂ ਨਾਮ” ਹੈ।
2011 ਵਿੱਚ ਕੇਜਰੀਵਾਲ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵਿੱਚ ਉਨ੍ਹਾਂ ਦੇ ਅਹਿਮ ਸਹਿਯੋਗੀ ਸਨ। ਹਜ਼ਾਰੇ ਦੇ ਜਵਾਬ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਗੁਪਤਾ ਨੇ ਕਿਹਾ ਕਿ ਦਿੱਲੀ ਭਾਜਪਾ ਇੱਕ ਮਜ਼ਬੂਤ ਸੰਗਠਨ ਹੈ ਅਤੇ ਹਰ ਤਰ੍ਹਾਂ ਦੀਆਂ ਲੋਕ ਲਹਿਰਾਂ ਦੀ ਅਗਵਾਈ ਕਰਨ ਦੇ ਸਮਰੱਥ ਹੈ, ਪਰ ਸਮਾਜ ਸੇਵੀ ਦੇ ਪ੍ਰਤੀਕ ਵਜੋਂ ਮੌਜੂਦਗੀ ਚਾਹੁੰਦੀ ਸੀ ਕਿਉਂਕਿ ‘ਆਪ’ ਉਨ੍ਹਾਂ ਦੀ ਅਗਵਾਈ ‘ਚ ਹੋਏ ਅੰਦੋਲਨ ਤੋਂ ਪੈਦਾ ਹੋਈ ਸੀ। ਹਜ਼ਾਰੇ ਨੇ ਕਿਹਾ, “ਪ੍ਰੈਸ ਨੂੰ ਲਿਖੀ ਤੁਹਾਡੀ ਚਿੱਠੀ ਪੜ੍ਹ ਕੇ ਮੈਨੂੰ ਨਿਰਾਸ਼ਾ ਹੋਈ। ਤੁਹਾਡੀ ਪਾਰਟੀ ਬੀਜੇਪੀ ਛੇ ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਉੱਤੇ ਰਾਜ ਕਰ ਰਹੀ ਹੈ।” ਉਨ੍ਹਾਂ ਨੇ ਲਿਖਿਆ, ”ਇਸ ਤੋਂ ਵੱਡਾ ਮੰਦਭਾਗਾ ਹੋਰ ਕੀ ਹੋ ਸਕਦਾ ਹੈ ਕਿ ਪਾਰਟੀ ਦੇ ਨੇਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਵਰਕਰ ਹਨ ਅਤੇ ਜੋ ਵਿਸ਼ਵ ਵਿੱਚ ਸਭ ਤੋਂ ਵੱਧ ਵਰਕਰ ਹੋਣ ਦਾ ਦਾਅਵਾ ਕਰਦੀ ਹੈ। 83 ਸਾਲਾ ਅੰਨਾ ਹਜ਼ਾਰੇ ਫਕੀਰ ਨੂੰ ਆਪਣੀ ਲਹਿਰ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰ ਰਹੀ ਹੈ, ਜੋ ਇੱਕ ਮੰਦਰ ਵਿੱਚ 10 ਗੁਣਾ 12 ਫੁੱਟ ਵਾਲੇ ਕਮਰੇ ‘ਚ ਰਹਿੰਦਾ ਹੈ ਅਤੇ ਉਸ ਕੋਲ ਕੋਈ ਸੰਪਤੀ ਜਾਂ ਸ਼ਕਤੀ ਨਹੀਂ ਹੈ।”
ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੀਬੀਆਈ ਵਰਗੀਆਂ ਏਜੰਸੀਆਂ ਨੂੰ ਕੰਟਰੋਲ ਕਰਦੀ ਹੈ ਅਤੇ ਜੇਕਰ ਦਿੱਲੀ ਵਿੱਚ ‘ਆਪ’ ਦੀ ਸਰਕਾਰ ਭ੍ਰਿਸ਼ਟ ਹੈ ਤਾਂ ਉਹ ਇਸ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਕਦੇ ਵੀ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਸਨ। ਹਜ਼ਾਰੇ ਨੇ ਕਿਹਾ ਕਿ ਭਾਜਪਾ 2014 ਵਿੱਚ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸੁਪਨਾ ਦਿਖਾ ਕੇ ਸੱਤਾ ‘ਚ ਆਈ ਸੀ, ਪਰ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਨਹੀਂ ਹੋਈਆਂ। ਉਨ੍ਹਾਂ ਕਿਹਾ, “ਮੌਜੂਦਾ ਸਥਿਤੀ ਵਿੱਚ ਮੈਨੂੰ ਨਹੀਂ ਲਗਦਾ ਕਿ ਕੋਈ ਵੀ ਪਾਰਟੀ ਦੇਸ਼ ਨੂੰ ਸੁਨਹਿਰਾ ਭਵਿੱਖ ਦੇ ਸਕਦੀ ਹੈ।” ਬਹੁਤ ਸਾਰੀਆਂ ਪਾਰਟੀਆਂ ਤਾਕਤ ਹਾਸਿਲ ਕਰਨ ਲਈ ਪੈਸੇ ਬਣਾਉਣ ਅਤੇ ਪੈਸੇ ਦੀ ਵਰਤੋਂ ਕਰਨ ਦੇ ਚੱਕਰ ਵਿੱਚ ਫਸੀਆਂ ਹੋਈਆਂ ਹਨ।” ਹਜ਼ਾਰੇ ਨੇ ਕਿਹਾ,“ਜਦੋਂ ਤੱਕ ਸਿਸਟਮ ਨਹੀਂ ਬਦਲਿਆ ਜਾਂਦਾ, ਲੋਕਾਂ ਨੂੰ ਰਾਹਤ ਨਹੀਂ ਮਿਲੇਗੀ। ਇਸ ਲਈ, ਮੈਨੂੰ ਲੱਗਦਾ ਹੈ ਕਿ ਮੇਰੇ ਦਿੱਲੀ ਆਉਣ ਨਾਲ ਕੋਈ ਫ਼ਰਕ ਨਹੀਂ ਪਏਗਾ।”