ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲ੍ਹੇ ਵਿੱਚ ਟਰਾਂਸ ਅਰੁਣਾਚਲ ਹਾਈਵੇਅ ‘ਤੇ ਤਾਪੀ ਪਿੰਡ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। 27 ਅਗਸਤ ਮੰਗਲਵਾਰ ਨੂੰ ਫੌਜ ਦਾ ਇੱਕ ਟਰੱਕ ਸੜਕ ਤੋਂ ਫਿਸਲ ਕੇ ਡੂੰਘੀ ਖਾਈ ਵਿੱਚ ਜਾ ਡਿੱਗਿਆ। ਟਰੱਕ ‘ਚ ਸਵਾਰ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਕਈ ਹੋਰ ਜ਼ਖਮੀ ਹੋ ਗਏ। ਫੌਜ ਦੇ ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਹੌਲਦਾਰ ਨਛੱਤਰ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਕੁਮਾਰ ਵਜੋਂ ਹੋਈ ਹੈ।
ਇਹ ਹਾਦਸਾ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਜ਼ਿਲੇ ਦੇ ਲੀਮੇਕਿੰਗ ਤੋਂ ਕਰੀਬ 15 ਕਿਲੋਮੀਟਰ ਦੂਰ ਬੋਰਾਰੂਪਕ ਨੇੜੇ ਵਾਪਰਿਆ। ਮਾਮਲੇ ਬਾਰੇ ਈਟਾਨਗਰ ਪੁਲਿਸ ਨੇ ਦੱਸਿਆ ਕਿ ਹਾਦਸੇ ‘ਚ ਤਿੰਨੋਂ ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਾਰ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫੌਜ ਦਾ ਵਾਹਨ ਅੱਪਰ ਸੁਬਨਸਿਰੀ ਦੇ ਜ਼ਿਲਾ ਹੈੱਡਕੁਆਰਟਰ ਸ਼ਹਿਰ ਦਾਪੋਰਿਜੋ ਤੋਂ ਲੈਪਰਾਡਾ ਜ਼ਿਲੇ ਦੇ ਬਾਸਰ ਵੱਲ ਜਾ ਰਿਹਾ ਸੀ, ਇਸ ਦੌਰਾਨ ਇਹ ਮੰਦਭਾਗਾ ਹਾਦਸਾ ਵਾਪਰ ਗਿਆ।
ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਇਸ ਸੜਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਆਪਣੇ ‘ਐਕਸ’ ਹੈਂਡਲ ‘ਤੇ ਪੋਸਟ ਕਰਦੇ ਹੋਏ, ਉਸਨੇ ਕਿਹਾ ਕਿ ਮੈਂ ਅੱਪਰ ਸੁਬਨਸਿਰੀ ਜ਼ਿਲੇ ‘ਚ ਤਾਪੀ ਨੇੜੇ ਇਕ ਦਰਦਨਾਕ ਹਾਦਸੇ ‘ਚ ਫੌਜ ਦੇ ਤਿੰਨ ਜਵਾਨਾਂ ਦੇ ਮਾਰੇ ਜਾਣ ‘ਤੇ ਬਹੁਤ ਦੁਖੀ ਹਾਂ। ਉਨ੍ਹਾਂ ਦੀ ਦੇਸ਼ ਪ੍ਰਤੀ ਸੇਵਾ ਅਤੇ ਮਹਾਨ ਕੁਰਬਾਨੀ ਨੂੰ ਉਚੇਚੇ ਤੌਰ ‘ਤੇ ਯਾਦ ਕੀਤਾ ਜਾਵੇਗਾ। ਮੈਂ ਭਗਵਾਨ ਬੁੱਧ ਤੋਂ ਬਹਾਦਰ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹਾਂ।
ਇਹ ਵੀ ਪੜ੍ਹੋ : ਅੰਮ੍ਰਿਤਸਰ ਕੌਮਾਂਤਰੀ ਏਅਰਪੋਰਟ ‘ਤੇ ਚੂਹਿਆਂ ਨੇ ਪਾਇਆ ਭੜਥੂ, ਲੌਂਜ ਬਾਰ ‘ਚ ਦੇਖੇ ਗਏ ਚੂਹੇ
ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਆਰਸੀ ਤਿਵਾਰੀ ਅਤੇ ਸਾਰੇ ਰੈਂਕਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਹੌਲਦਾਰ ਨਛੱਤਰ ਸਿੰਘ, ਨਾਇਕ ਮੁਕੇਸ਼ ਕੁਮਾਰ ਅਤੇ ਗ੍ਰੇਨੇਡੀਅਰ ਆਸ਼ੀਸ਼ ਕੁਮਾਰ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੁਖੀ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਵੀਡੀਓ ਲਈ ਕਲਿੱਕ ਕਰੋ -: