ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਪਦਮ ਪੁਰਸਕਾਰਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਐਲਾਨ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਦਮ ਪੁਰਸਕਾਰਾਂ ਲਈ ਕੇਂਦਰ ਸਰਕਾਰ ਨੂੰ ਨਾਮ ਭੇਜੇ ਜਾਣਗੇ, ਪਰ ਉਹ ਸਿਰਫ਼ ਡਾਕਟਰਾਂ ਅਤੇ ਸਿਹਤ ਕਾਮਿਆਂ ਦੇ ਹੋਣਗੇ ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਡਿਜੀਟਲ ਇੱਕ ਪ੍ਰੈਸ ਕਾਨਫਰੰਸ ਰਾਹੀਂ ਆਪਣੀ ਸਰਕਾਰ ਦੇ ਵੱਡੇ ਫੈਸਲੇ ਦੇ ਬਾਰੇ ਜਾਕਾਰੀ ਦਿੱਤੀ ਹੈ।ਦਰਅਸਲ, ਦਿੱਲੀ ਸਰਕਾਰ ਵੱਲੋਂ ਇੱਕ ਈ-ਮੇਲ ਆਈਡੀ padmaawards.delhi@gmail.com ਵੀ ਦੱਸੀ ਗਈ ਹੈ, ਜਿਸ ’ਤੇ ਜਨਤਾ ਖ਼ੁਦ ਡਾਕਟਰਾਂ ਦੇ ਨਾਂ ਦੱਸ ਸਕਦੀ ਹੈ, ਜਿਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਸ਼ਾਨਦਾਰ ਕੰਮ ਕੀਤਾ ਹੈ ।
ਇਸ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਲਗਾਤਾਰ ਕੰਮ ਕਰਨ ਵਾਲੇ ਸਿਹਤ ਕਾਮਿਆਂ, ਡਾਕਟਰਾਂ ਅਤੇ ਨਰਸਾਂ ਦੇ ਅਸੀਂ ਧੰਨਵਾਦੀ ਰਹਾਂਗੇ । ਉਨ੍ਹਾਂ ਕਿਹਾ ਕਿ ਡਾਕਟਰ, ਨਰਸ ਅਤੇ ਸਿਹਤ ਕਾਮੇ ਜਿਸ ਤਰ੍ਹਾਂ 24-24 ਘੰਟੇ ਕੰਮ ਕਰ ਰਹੇ ਹਨ, ਉਸ ਦੇ ਲਈ ਦੇਸ਼ ਹੀ ਨਹੀਂ ਪੂਰੀ ਦੁਨੀਆ ਉਨ੍ਹਾਂ ਦੀ ਧੰਨਵਾਦੀ ਹੈ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦੇਸ਼ ਭਰ ਵਿੱਚ ਸਿਰਫ ਸਾਡੀ ਸਰਕਾਰ ਹੀ ਅਜਿਹੀ ਸਰਕਾਰ ਹੈ ਜਿਸਨੇ ਕੋਰੋਨਾ ਕਾਰਨ ਆਪਣੀ ਜਾਨ ਗਵਾਉਣ ਵਾਲੇ ਫਰੰਟ ਲਾਈਨ ਵਰਕਰਾਂ ਨੂੰ ਇੱਕ ਕਰੋੜ ਦੀ ਰਾਸ਼ੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਕੀਤੇ ਗਈ ਈ-ਮੇਲ ਵਿੱਚ ਕੋਈ ਵੀ ਵਿਅਕਤੀ ਡਾਕਟਰ ਜਾਂ ਸਿਹਤ ਕਰਮੀ ਦਾ ਨਾਮ ਦੱਸ ਸਕਦਾ ਹੈ। ਇਸ ਦੇ ਨਾਲ ਹੀ ਕਿਸੇ ਡਾਕਟਰ ਜਾਂ ਸਿਹਤ ਕਰਮੀ ਦਾ ਵੇਰਵਾ ਦੇਣ ਵਾਲੇ ਵਿਅਕਤੀ ਨੂੰ ਇਸਦਾ ਕਾਰਨ ਵੀ ਦੱਸਣਾ ਪਵੇਗਾਕਿ ਉਸਨੂੰ ਪਦਮ ਪੁਰਸਕਾਰ ਕਿਉ ਮਿਲਣਾ ਚਾਹੀਦਾ ਹੈ ।
ਦੱਸ ਦੇਈਏ ਕਿ ਦਿੱਲੀ ਸਰਕਾਰ ਵੱਲੋਂ ਪਦਮ ਪੁਰਸਕਾਰਾਂ ਲਈ ਸਰਚ ਐਂਡ ਸਕ੍ਰੀਨਿੰਗ ਕਮੇਟੀ ਬਣਾਈ ਗਈ ਹੈ, ਜਿਸ ਦੀ ਪ੍ਰਧਾਨਗੀ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕਰ ਰਹੇ ਹਨ। ਇਹ ਕਮੇਟੀ ਤੈਅ ਕਰੇਗੀ ਕਿ ਦਿੱਲੀ ਸਰਕਾਰ ਕਿਹੜੇ ਨਾਵਾਂ ਨੂੰ ਕੇਂਦਰ ਸਰਕਾਰ ਕੋਲ ਭੇਜੇਗੀ।