ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਉਡਾਣਾਂ ਨੂੰ ਰੋਕਣ ਵਿੱਚ ਹੋ ਰਹੀ ਦੇਰੀ ’ਤੇ ਮੋਦੀ ਸਰਕਾਰ ‘ਤੇ ਸਵਾਲ ਚੁੱਕੇ ਹਨ । ਕੋਰੋਨਾ ਦੇ ਬੀ.1.1.529 ਰੂਪ ਜਾਂ ਓਮੀਕ੍ਰੋਨ ਦਾ ਮਾਮਲਾ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਪਿਛਲੇ ਹਫ਼ਤੇ ਸਾਹਮਣੇ ਆਇਆ ਸੀ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ‘ਚਿੰਤਾ ਵਾਲਾ’ ਰੂਪ ਕਰਾਰ ਦਿੱਤਾ ਸੀ, ਜੋ ਕਿ ਇਸ ਸਿਹਤ ਬਾਡੀ ਦੇ ਕੋਰੋਨਾ ਵਾਇਰਸ ਦੇ ਰੂਪਾਂ ਨੂੰ ਲੈ ਕੇ ਚਿੰਤਾ ਦੀ ਸਿਖ਼ਰ ਸ਼੍ਰੇਣੀ ਹੈ।
ਦੱਸ ਦੇਈਏ ਕਿ ਇਸ ਸਬੰਧੀ ਕੇਜਰੀਵਾਲ ਵੱਲੋਂ ਅੱਜ ਇੱਕ ਵਾਰ ਪੀਐੱਮ ਮੋਦੀ ਨੂੰ ਟਵੀਟ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਕੋਰੋਨਾ ਦੇ ਨਵੇਂ ਰੂਪ ਦੇ ਮੱਦੇਨਜ਼ਰ ਯੂਰਪੀ ਸੰਘ ਸਣੇ ਕਈ ਦੇਸ਼ਾਂ ਵੱਲੋਂ ਪ੍ਰਭਾਵਿਤ ਖੇਤਰਾਂ ਨਾਲ ਜੁੜੀਆਂ ਯਾਤਰਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ । ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਸ ਚਿੰਤਾਜਨਕ ਨਵੇਂ ਰੂਪ ਨੂੰ ਭਾਰਤ ਵਿੱਚ ਆਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕਈ ਦੇਸ਼ਾਂ ਵੱਲੋਂ ਓਮੀਕ੍ਰੋਨ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਬੰਦ ਕਰ ਦਿੱਤੀਆਂ ਹਨ। ਅਸੀਂ ਦੇਰੀ ਕਿਉਂ ਕਰ ਰਹੇ ਹਾਂ? ਪਹਿਲੀ ਵੇਵ ਵਿੱਚ ਵੀ ਅਸੀਂ ਵਿਦੇਸ਼ੀ ਉਡਾਣਾਂ ਨੂੰ ਰੋਕਣ ਵਿੱਚ ਦੇਰੀ ਕਰ ਦਿੱਤੀ ਸੀ। ਉਨ੍ਹਾਂ ਨੇ ਇਸ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਜ਼ਿਆਦਾਤਰ ਉਡਾਣਾਂ ਵਿਦੇਸ਼ਾਂ ਤੋਂ ਦਿੱਲੀ ਆਉਂਦੀਆਂ ਹਨ, ਜਿਸ ਕਾਰਨ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। PM ਸਾਹਿਬ ਕ੍ਰਿਪਾ ਉਡਾਣਾਂ ਨੂੰ ਤੁਰੰਤ ਬੰਦ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਤਵਾਰ ਨੂੰ ਪੀਐੱਮ ਮੋਦੀ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਤੁਰੰਤ ਪ੍ਰਭਾਵ ਤੋਂ ਰੱਦ ਕਰਨ ਲਈ ਕਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: