As Covid-19 cases rise: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਤੋਂ ਬਾਅਦ ਕੇਜਰੀਵਾਲ ਸਰਕਾਰ ਹਰਕਤ ਵਿੱਚ ਆ ਗਈ ਹੈ। ਜਿਸਦੇ ਮੱਦੇਨਜ਼ਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਮਹੱਤਵਪੂਰਨ ਬੈਠਕ ਬੁਲਾਈ । ਸਿਹਤ ਮੰਤਰੀ, ਮੁੱਖ ਸਕੱਤਰ ਅਤੇ ਸਿਹਤ ਮੰਤਰਾਲੇ ਦੇ ਸਾਰੇ ਉੱਚ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਦਿਆਂ ਸੀ.ਐਮ ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਟੈਸਟਿੰਗ ਦੁੱਗਣੀ ਹੋ ਜਾਵੇਗੀ।
ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਦਿਨਾਂ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਵਿੱਚ ਵਾਧਾ ਹੋਇਆ ਹੈ । ਅੱਜ 1693 ਨਵੇਂ ਕੇਸ ਸਾਹਮਣੇ ਆਏ ਹਨ । ਕੋਰੋਨਾ ਦੇ ਮਰੀਜ਼ਾਂ ਦਾ ਰਿਕਵਰੀ ਰੇਟ ਵਧਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਇੱਕ ਸਮਾਂ ਸੀ ਜਦੋਂ 100 ਤੋਂ ਵੱਧ ਮੌਤਾਂ ਹੁੰਦੀਆਂ ਸਨ, ਅੱਜ 20 ਤੋਂ ਘੱਟ ਮੌਤਾਂ ਹੋ ਰਹੀਆਂ ਹਨ। 3700 ਬੈੱਡਾਂ ਵਿੱਚ 2900 ਦਿੱਲੀ ਦੇ ਮਰੀਜ਼ ਦਾਖਲ ਹਨ।
ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਕੋਰੋਨਾ ਨਾਲ ਲੜਨ ਲਈ ਤਿਆਰ ਹਾਂ। ਸਾਡੇ ਕੋਲ 14 ਹਜ਼ਾਰ ਤੋਂ ਵੱਧ ਬੈੱਡ ਹਨ, ਜਿਸ ਵਿੱਚ 10 ਹਜ਼ਾਰ ਤੋਂ ਵੱਧ ਬੈੱਡ ਖਾਲੀ ਹਨ। ਐਂਬੂਲੈਂਸ ਵੀ ਕਾਫ਼ੀ ਹਨ। ਕੇਸ ਵੱਧ ਰਹੇ ਹਨ। ਇਸ ਨਾਲ ਨਜਿੱਠਣ ਲਈ ਅਸੀਂ ਟੈਸਟਿੰਗ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਅਸੀਂ ਇੱਕ ਹਫਤੇ ਦੇ ਅੰਦਰ ਪ੍ਰਤੀ ਦਿਨ 40 ਹਜ਼ਾਰ ਟੈਸਟ ਕਰਾਂਗੇ। ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਕੋਰੋਨਾ ਖਿਲਾਫ ਲੜਾਈ ਜਿੱਤ ਕੇ ਘਰ ਪਰਤੇ ਹਨ ਪਰ ਉਨ੍ਹਾਂ ਦੇ ਸਿਸਟਮ ਨਹੀਂ ਚੱਲ ਰਹੇ ਹਨ। ਸਾਹ ਲੈਣ ਵਿੱਚ ਮੁਸ਼ਕਿਲ ਜਾਰੀ ਹੈ। ਜਿਸ ਕਾਰਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਅਜਿਹੇ ਲੋਕਾਂ ਨੂੰ ਆਕਸੀਮੀਟਰ ਦਿੱਤੇ ਜਾਣਗੇ । ਜੇ ਲੋੜ ਪਈ ਤਾਂ ਉਨ੍ਹਾਂ ਨੂੰ ਆਕਸੀਜਨ ਸਿਲੰਡਰ ਦਿੱਤੇ ਜਾਣਗੇ। ਇਸ ਲਈ ਉਹਨਾਂ ਨੂੰ ਦੁਬਾਰਾ ਹਸਪਤਾਲ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।
ਗੌਰਤਲਬ ਹੈ ਕਿ ਮੰਗਲਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ 1544 ਨਵੇਂ ਕੇਸ ਸਾਹਮਣੇ ਆਏ ਸਨ। ਦਿੱਲੀ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ 64 ਹਜ਼ਾਰ ਨੂੰ ਪਾਰ ਕਰ ਗਈ ਹੈ, ਜਿਨ੍ਹਾਂ ਵਿੱਚੋਂ 11 ਹਜ਼ਾਰ 998 ਸਰਗਰਮ ਕੇਸ ਹਨ। ਪਿਛਲੇ 24 ਘੰਟਿਆਂ ਵਿੱਚ 1155 ਮਰੀਜ਼ ਠੀਕ ਹੋਏ ਹਨ। ਇਸ ਤਰ੍ਹਾਂ ਹੁਣ ਤੱਕ 1 ਲੱਖ 47 ਹਜ਼ਾਰ 743 ਮਰੀਜ਼ ਠੀਕ ਹੋ ਚੁੱਕੇ ਹਨ। ਮੰਗਲਵਾਰ ਨੂੰ ਦਿੱਲੀ ਵਿੱਚ 17 ਲੋਕਾਂ ਦੀ ਮੌਤ ਹੋ ਗਈ । ਇਸ ਤਰ੍ਹਾਂ ਇਕੱਲੇ ਦਿੱਲੀ ਵਿੱਚ 4330 ਲੋਕ ਆਪਣੀ ਜਾਨ ਗੁਆ ਚੁੱਕੇ ਹਨ।