Asaduddin Owaisi Says: AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੀ ਮੌਜੂਦਾ ਸਥਿਤੀ ਲਈ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ ਅਤੇ ਮੋਦੀ ਜੀ ਕੋਰੋਨਾ ਵਾਇਰਸ ਨੂੰ ਫੈਲਣ ਨੂੰ ਰੋਕਣ ਵਿੱਚ ਅਸਫਲ ਰਹੇ ਹਨ । AIMIM ਮੁਖੀ ਇਸ ‘ਤੇ ਨਹੀਂ ਰੁਕੇ । ਪ੍ਰਧਾਨ ਮੰਤਰੀ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ “ਤਾਲੀ, ਥਾਲੀ ਅਤੇ ਦੀਵਾ ਜਲਾਉਣ ਨਾਲ ਕੁਝ ਨਹੀਂ ਹੋਵੇਗਾ । ਮੋਦੀ ਜੀ ਤੋਂ ਕੋਈ ਉਮੀਦ ਨਾ ਰੱਖੋ । ਉਨ੍ਹਾਂ ਕਿਹਾ ਕਿ ਲਾਕਡਾਊਨ ਪੂਰੀ ਤਰ੍ਹਾਂ ਗੈਰ ਯੋਜਨਾਬੱਧ ਸੀ । ਇਹ ਉਦੋਂ ਲਾਗੂ ਕੀਤਾ ਗਿਆ ਸੀ ਜਦੋਂ ਕੋਰੋਨਾ ਪੀੜਤਾਂ ਦੀ ਗਿਣਤੀ ਸਿਰਫ 500 ਸੀ ਅਤੇ ਹੁਣ ਇਹ ਲੱਖਾਂ ਤੱਕ ਪਹੁੰਚ ਗਈ ਹੈ । ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਓਵੈਸੀ ਨੇ ਲਾਕਡਾਊਨ ਨੂੰ ਗੈਰ ਸੰਵਿਧਾਨਕ ਦੱਸਿਆ ।
ਹੈਦਰਾਬਾਦ ਦੇ ਸੰਸਦ ਮੈਂਬਰ ਜਿਨ੍ਹਾਂ ਨੇ ਵਿਰੋਧੀਆਂ ਅਤੇ ਖ਼ਾਸਕਰ ਭਾਜਪਾ ਅਤੇ ਪੀਐੱਮ ਮੋਦੀ ‘ਤੇ ਦੋਸ਼ ਲਾਉਣ ਦਾ ਕੋਈ ਮੌਕਾ ਨਹੀਂ ਛੱਡਿਆ । ਉਨ੍ਹਾਂ ਨੇ ਕਿਹਾ ਕਿ ਲਾਕਡਾਊਨ ਵਿੱਚ ਹੁਣ ਢਿੱਲ ਦਿੱਤੀ ਜਾ ਰਹੀ ਹੈ, ਜਦੋਂ ਮਜ਼ਦੂਰ ਆਪੋ ਆਪਣੇ ਰਾਜਾਂ ਵਿੱਚ ਪਹੁੰਚ ਚੁੱਕੇ ਹਨ । ਸੰਸਦ ਮੈਂਬਰ ਨੇ ਟ੍ਰੇਨਾਂ ਵਿੱਚ 85 ਮਜ਼ਦੂਰਾਂ ਦੀ ਹੋਈ ਮੌਤ ‘ਤੇ ਵੀ ਸਵਾਲ ਚੁੱਕਿਆ ਹੈ ਅਤੇ ਇਸ ਨੂੰ ਰਾਜਨੀਤਿਕ ਰੰਗ ਦਿੰਦੇ ਹੋਏ ਸਾਰਿਆਂ ਦਾ ਸਬੰਧ OBC, SC ਅਤੇ ST ਨਾਲ ਦੱਸਿਆ ਹੈ ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੂੰ ਪੂਰੀ ਤਰ੍ਹਾਂ ਘੇਰ ਕੇ ਓਵੈਸੀ ਨੇ ਪੁੱਛਿਆ ਕਿ ਗ੍ਰਹਿ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਨੂੰ ਦੇਸ਼ ਨੂੰ ਦੱਸੇ ਕਿ ਭਾਰਤ-ਚੀਨ ਸਰਹੱਦ ਵਿਵਾਦ ‘ਤੇ ਕੀ ਚੱਲ ਰਿਹਾ ਹੈ । ਭਾਜਪਾ ਦੇ ਬਹਾਨੇ ਅਸਦੁਦੀਨ ਨੇ RSS ਦੀ ਚੁੱਪੀ ਨੂੰ ਵੀ ਨਿਸ਼ਾਨਾ ਬਣਾਇਆ । ਓਵੈਸੀ ਨੇ ਯਾਦ ਦਿਵਾਇਆ ਕਿ ਜਦੋਂ ਵੀ ਪਹਾੜਾਂ ‘ਤੇ ਬਰਫ ਪਿਘਲਦੀ ਹੈ, ਚੀਨ ਭਾਰਤ ਦੀ ਸਰਹੱਦ ‘ਤੇ ਦਖਲਅੰਦਾਜ਼ੀ ਦੀ ਅਸਫਲ ਕੋਸ਼ਿਸ਼ ‘ਤੇ ਉਤਰ ਆਉਂਦਾ ਹੈ ।