Asaduddin owaisi targets modi govt : ਜ਼ਿਕਰਯੋਗ ਹੈ ਕਿ ਪਿੱਛਲੇ 77 ਦਿਨਾਂ ਤੋਂ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਹੁਣ ਵਿਰੋਧੀ ਪਾਰਟੀਆਂ ਵੀ ਕਿਸਾਨਾਂ ਦੇ ਮੁੱਦੇ ‘ਤੇ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਹਨ। ਬੀਤੇ ਦਿਨ ਲੋਕ ਸਭਾ ਮੈਂਬਰ ਅਤੇ ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਅਤੇ ਚੀਨ ਨੂੰ ਲੈ ਕੇ ਭਾਜਪਾ ਸਰਕਾਰ ‘ਤੇ ਵਾਰ ਕੀਤਾ ਹੈ। ਸ਼ਾਇਰਾਨਾ ਅੰਦਾਜ਼ ‘ਚ ਬੋਲਦਿਆਂ ਓਵੈਸੀ ਨੇ ਕਿਹਾ, “ਚੀਨ ‘ਤੇ ਕਰਮ, ਕਿਸਾਨਾਂ ‘ਤੇ ਸਿਤਮ, ਰਹਿਣ ਦਿਓ ਥੋੜਾ ਜਿਹਾ ਭਰਮ, ਇਹ ਜਾਨ-ਏ ਵਫ਼ਾ ਇਹ ਜ਼ੁਲਮ ਨਾ ਕਰ।” ਓਵੈਸੀ ਨੇ ਕਿਹਾ ਕਿ 45 ਸਾਲਾਂ ਬਾਅਦ ਚੀਨ ਨੇ ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਸਾਡੇ ਵੀਹ ਸੈਨਿਕਾਂ ਨੂੰ ਸ਼ਹੀਦ ਕਰ ਦਿੱਤਾ ਹੈ। ਅਰੁਣਾਚਲ ਪ੍ਰਦੇਸ਼ ‘ਚ ਐਲਏਸੀ ਦੇ ਨਜ਼ਦੀਕ ਚੀਨ ਨੇ ਇੱਕ ਪਿੰਡ ਵਸਾਇਆ ਹੈ।
ਪਰ ਪ੍ਰਧਾਨ ਮੰਤਰੀ ਮੋਦੀ ਚੀਨ ਦਾ ਨਾਮ ਲੈਣ ਤੋਂ ਵੀ ਡਰਦੇ ਹਨ। ਅਸਦੁਦੀਨ ਓਵੈਸੀ ਨੇ ਸਵਾਲ ਕੀਤਾ ਕਿ ਅਜਿਹਾ ਕਿਸ ਦਾ ਡਰ ਹੈ ਕਿ ਸਰਕਾਰ ਅਤੇ ਖ਼ਾਸਕਰ ਪ੍ਰਧਾਨ ਮੰਤਰੀ ਚੀਨ ਦਾ ਨਾਮ ਲੈਣ ਤੋਂ ਡਰਦੇ ਹਨ। ਚੀਨ ਦੇਸ਼ ਦੀ ਧਰਤੀ ‘ਤੇ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਉਮੀਦ ਹੈ ਕਿ ਜਦੋਂ ਵਜ਼ੀਰ-ਏ-ਆਜ਼ਮ ਆਪਣਾ ਜਵਾਬ ਦੇਣਗੇ, ਉਹ ਚੀਨ ਦਾ ਨਾਮ ਲੈਣਗੇ।” ਕਿਸਾਨ ਅੰਦੋਲਨ ਬਾਰੇ ਓਵੈਸੀ ਨੇ ਕਿਹਾ ਕਿ ਕਿਸਾਨਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਚੀਨੀ ਸੈਨਿਕ ਹੋਣ। ਜਿਸ ਤਰਾਂ ਦਾ ਸਲੂਕ ਚੀਨ ਦੀ ਸੈਨਾ ਨਾਲ ਕੀਤਾ ਜਾਣਾ ਚਾਹੀਦਾ ਸੀ, ਸਰਕਾਰ ਉਸ ਤਰਾਂ ਦਾ ਸਲੂਕ ਕਿਸਾਨਾਂ ਨਾਲ ਕਰ ਰਹੀ ਹੈ। ਜਿਸ ਬੁਨਿਆਦੀ ਢਾਂਚੇ ਦਾ ਨਿਰਮਾਣ ਬਾਰਡਰ ‘ਤੇ ਕੀਤਾ ਜਾਣਾ ਚਾਹੀਦਾ ਸੀ, ਉਹ ਟਿਕਰੀ, ਸਿੰਘੂ ਅਤੇ ਗਾਜੀਪੁਰ ਦੀ ਸਰਹੱਦ ‘ਤੇ ਕੀਤਾ ਜਾ ਰਿਹਾ ਹੈ। ਕਿਸਾਨਾਂ ‘ਤੇ ਇਹ ਅੱਤਿਆਚਾਰ ਕਿਉਂ ਕੀਤਾ ਜਾ ਰਿਹਾ ਹੈ? ਸਰਕਾਰ ਨੂੰ ਇਹ ਤਿੰਨ ਕਾਨੂੰਨ ਵਾਪਿਸ ਲੈਣੇ ਪੈਣਗੇ।