Assam minister threatens journalist : ਅਸਾਮ ਸਰਕਾਰ ਦੇ ਇੱਕ ਮੰਤਰੀ ਨੇ ਕਥਿਤ ਤੌਰ ‘ਤੇ ਵੱਖ-ਵੱਖ ਨਿਊਜ਼ ਚੈਨਲਾਂ ਦੇ ਦੋ ਪੱਤਰਕਾਰਾਂ ਨੂੰ “ਗਾਇਬ” ਕਰਨ ਦੀ ਧਮਕੀ ਦਿੱਤੀ ਹੈ ਜਿਨ੍ਹਾਂ ਨੇ ਮੰਤਰੀ ਦੀ ਪਤਨੀ ਦੇ ਵਿਵਾਦਪੂਰਨ ਚੋਣ ਭਾਸ਼ਣ ਦੀ ਰਿਪੋਰਟ ਕੀਤੀ ਸੀ। ਇਸ ਤੋਂ ਤੁਰੰਤ ਬਾਅਦ, ਕਾਂਗਰਸ ਨੇ ਮੰਗ ਕੀਤੀ ਕਿ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀ ਉਮੀਦਵਾਰੀ ਰੱਦ ਕੀਤੀ ਜਾਵੇ। ਪੁਲਿਸ ਦੇ ਅਨੁਸਾਰ ਇਹਨਾਂ ਵਿੱਚੋਂ ਇੱਕ ਪੱਤਰਕਾਰ ਨੇ ਮੋਰੀਗਾਓਂ ਜ਼ਿਲੇ ਦੇ ਜਗੀਰੋਡ ਥਾਣੇ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪੀਯੂਸ਼ ਹਜ਼ਾਰਿਕਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਪਰ ਅਜੇ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ।
ਇੱਕ ਅਸਾਮੀ ਨਿਊਜ਼ ਚੈਨਲ ਨੇ ਇੱਕ ਆਡੀਓ ਕਲਿੱਪ ਪ੍ਰਸਾਰਿਤ ਕੀਤੀ ਸੀ ਜਿਸ ਵਿੱਚ ਹਜ਼ਾਰੀਕਾ ਨੂੰ ਪੱਤਰਕਾਰ ਨਜਰੂਲ ਇਸਲਾਮ ਨਾਲ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਇਸ ਗੱਲਬਾਤ ਦੌਰਾਨ ਮੰਤਰੀ ਨੇ ਨਜਰੂਲ ਅਤੇ ਇੱਕ ਹੋਰ ਪੱਤਰਕਾਰ ਤੁਲਸੀ ਨੂੰ ਉਨ੍ਹਾਂ ਦੇ ਘਰਾਂ ਤੋਂ ਘਸੀਟ ਕੇ ਬਾਹਰ ਕੱਢਣ ਅਤੇ “ਗਾਇਬ” ਕਰਨ ਦੀ ਧਮਕੀ ਦਿੱਤੀ। ਭਾਜਪਾ ਉਮੀਦਵਾਰ ਨੇ ਇੱਕ ਫੋਨ ਗੱਲਬਾਤ ਵਿੱਚ ਕਿਹਾ ਕਿ ਉਹ ਨਾਖੁਸ਼ ਹਨ ਕਿਉਂਕਿ ਉਨ੍ਹਾਂ ਲੋਕਾਂ ਨੇ ਉਸਦੀ ਪਤਨੀ ਐਮੀ ਬਾਰੂਆ ਦੇ ਵਿਵਾਦਪੂਰਨ ਬਿਆਨ ਦੀ ਰਿਪੋਰਟਿੰਗ ਕੀਤੀ ਹੈ, ਜੋ ਬਿਆਨ ਉਸ ਨੇ ਇੱਕ ਚੋਣ ਮੀਟਿੰਗ ਦੌਰਾਨ ਦਿੱਤਾ ਸੀ। ਇਹ ਗੱਲਬਾਤ ਹੁਣ ਵਾਇਰਲ ਹੋ ਰਹੀ ਹੈ। ਇਸ ਸਬੰਧ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਿਪੁਨ ਬੋਰਾ ਨੇ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਮੰਤਰੀ ਦੀ ਉਮੀਦਵਾਰੀ ਰੱਦ ਕਰਨ ਅਤੇ ਉਸ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।