Ayodhya Ram Janmbhoomi Prior: ਅਯੁੱਧਿਆ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਰਾਮ ਮੰਦਰ ਦੇ ਭੂਮੀ ਪੂਜਨ ਦੀਆਂ ਤਿਆਰੀਆਂ ਦੇ ਵਿਚਾਲੇ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਇੱਥੇ ਸਾਧੂ-ਸੰਤਾਂ ਦੇ ਨਾਲ ਰਾਮ ਜਨਮ ਭੂਮੀ ਦੀ ਸੁਰੱਖਿਆ ਵਿੱਚ ਲੱਗੇ ਪੁਲਿਸ ਕਰਮਚਾਰੀਆਂ ਨੂੰ ਵੀ ਕੋਰੋਨਾ ਹੋਣ ਦੀ ਖ਼ਬਰ ਹੈ। ਤਾਜ਼ਾ ਖ਼ਬਰ ਇਹ ਹੈ ਕਿ ਰਾਮ ਜਨਮ ਭੂਮੀ ਦੇ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹ ਮੁੱਖ ਪੁਜਾਰੀ ਆਚਾਰੀਆ ਸਤਿੰਦਰ ਦਾਸ ਦੇ ਚੇਲੇ ਹਨ। ਪ੍ਰਦੀਪ ਦਾਸ ਵੀ ਸਤਿੰਦਰ ਦਾਸ ਦੇ ਨਾਲ ਰਾਮ ਜਨਮ ਭੂਮੀ ਦੀ ਪੂਜਾ ਵੀ ਕਰਦੇ ਹਨ । ਦੱਸ ਦੇਈਏ ਕਿ ਰਾਮ ਜਨਮ ਭੂਮੀ ਵਿੱਚ ਮੁੱਖ ਪੁਜਾਰੀ ਦੇ ਨਾਲ-ਨਾਲ 4 ਪੁਜਾਰੀ ਰਾਮਲਲਾ ਦੀ ਪੂਜਾ ਕਰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਪੁਜਾਰੀ ਪ੍ਰਦੀਪ ਦਾਸ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਮ ਜਨਮ ਭੂਮੀ ਦੀ ਸੁਰੱਖਿਆ ਵਿੱਚ ਲੱਗੇ 16 ਪੁਲਿਸ ਮੁਲਾਜ਼ਮ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਹੜਕੰਪ ਮਚ ਗਿਆ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਅਯੁੱਧਿਆ ਦੌਰੇ ‘ਤੇ ਹਨ। ਪੀਐਮ ਮੋਦੀ ਰਾਮ ਮੰਦਰ ਦੇ ਭੂਮੀ ਪੂਜਨ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ । ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਦੇਸ਼ ਦੇ ਸਾਰੇ ਪਤਵੰਤੇ ਵੀ ਮੌਜੂਦ ਰਹਿਣਗੇ। ਰਾਮ ਮੰਦਰ ਤੀਰਥ ਖੇਤਰ ਟਰੱਸਟ ਇਸ ਭੂਮੀ ਪੂਜਨ ਪ੍ਰੋਗਰਾਮ ਦੀ ਸ਼ਾਨ ਅਤੇ ਪ੍ਰਚਾਰ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ । ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੇ ਦੌਰੇ ਲਈ ਅਯੁੱਧਿਆ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ । ਲੋਕ ਪ੍ਰਮਾਣ ਪੱਤਰ ਦਿਖਾ ਕੇ ਹੀ ਅਯੁੱਧਿਆ ਧਾਮ ਵਿੱਚ ਦਾਖਲਾ ਲੈ ਰਹੇ ਹਨ। ਅਯੁੱਧਿਆ ਧਾਮ ਨੂੰ 7 ਜ਼ੋਨਾਂ ਵਿਚ ਵੰਡਿਆ ਗਿਆ ਹੈ। ਇਸ ਦੌਰਾਨ ਸਾਰੇ ਐਂਟਰੀ ਪੁਆਇੰਟਾਂ ‘ਤੇ ਸਖਤ ਚੈਕਿੰਗ ਕੀਤੀ ਜਾ ਰਹੀ ਹੈ।