Basant Panchami 2021: ਅੱਜ ਦੇਸ਼ ਭਰ ਵਿੱਚ ਬਸੰਤ ਪੰਚਮੀ ਤੇ ਸਰਸਵਤੀ ਪੂਜਾ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਹ ਤਿਓਹਾਰ ਹਰ ਸਾਲ ਸ਼ੁਕਲ ਪੱਖ ਦੀ ਪੰਚਮੀ ਦੇ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਬਸੰਤ ਪੰਚਮੀ ਤੇ ਸਰਸਵਤੀ ਪੂਜਾ ਦੀਆਂ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਬਸੰਤ ਪੰਚਮੀ ਤੇ ਸਰਸਵਤੀ ਪੂਜਾ ਦੇ ਪਾਵਨ ਮੌਕੇ ‘ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ।”
ਉੱਥੇ ਹੀ ਦੂਜੇ ਪਾਸੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਵੀ ਬਸੰਤ ਪੰਚਮੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਪ੍ਰਿਯੰਕਾ ਗਾਂਧੀ ਨੇ ਆਪਣੇ ਪਰਿਵਾਰ ਨਾਲ ਜੁੜੀ ਇਸ ਰੋਮਾਂਚਕ ਕਹਾਣੀ ਸੁਣਾਈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਬਸੰਤ ਪੰਚਮੀ ਦੇ ਮੌਕੇ ‘ਤੇ ਮੇਰੀ ਦਾਦੀ ਇੰਦਰਾ ਜੀ ਸਕੂਲ ਜਾਣ ਤੋਂ ਪਹਿਲਾਂ ਸਾਡੇ ਦੋਵਾਂ ਦੀ ਜੇਬ ਵਿੱਚ ਇੱਕ ਪੀਲਾ ਰੁਮਾਲ ਪਾ ਦਿੰਦੇ ਸਨ। ਅੱਜ ਵੀ ਉਨ੍ਹਾਂ ਦੀ ਰਵਾਇਤ ਨੂੰ ਨਿਭਾਉਂਦਿਆਂ ਮੇਰੀ ਮਾਂ ਸਰ੍ਹੋਂ ਦੇ ਫੁੱਲ ਮੰਗਾ ਕੇ ਘਰ ਵਿੱਚ ਬਸੰਤ ਪੰਚਮੀ ਦੇ ਦਿਨ ਸਜਾਉਂਦੀ ਹੈ। ਗਿਆਨ ਦੀ ਦੇਵੀ ਮਾਂ ਸਰਸਵਤੀ ਸਾਰਿਆਂ ਦਾ ਭਲਾ ਕਰੇ। ਤੁਹਾਨੂੰ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਸ਼ੁੱਭਕਾਮਨਾਵਾਂ।”
ਦੱਸ ਦੇਈਏ ਕਿ ਬਸੰਤ ਪੰਚਮੀ ਦੇ ਤਿਓਹਾਰ ਤੋਂ ਹੀ ਬਸੰਤ ਰੁੱਤ ਦਾ ਆਗਮਨ ਹੁੰਦਾ ਹੈ। ਬਸੰਤ ਨੂੰ ਰੁੱਤਾਂ ਰਾਜਾ ਕਿਹਾ ਜਾਂਦਾ ਹੈ। ਇਸ ਦਿਨ ਪੜ੍ਹਾਈ ਦੀ ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ ਤੇ ਮਾਂ ਸਰਸਵਤੀ ਦੀ ਪੂਜਾ ਕਰਦੇ ਹਨ। ਕੁਝ ਲੋਕ ਬਸੰਤ ਪੰਚਮੀ ਨੂੰ ਪੰਚਮੀ ਵੀ ਕਹਿੰਦੇ ਹਨ। ਬੱਚਿਆਂ ਦੀ ਪੜ੍ਹਾਈ ਦੀ ਸ਼ੁਰੂਆਤ ਕਰਨ ਲਈ ਜਾਂ ਕਿਸੇ ਕਲਾ ਨੂੰ ਸ਼ੁਰੂ ਕਰਨ ਲਈ ਇਸ ਦਿਨ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।