Bengal bjp workers arrested : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਲਈ ਲੜਾਈ ਨਿਰੰਤਰ ਜਾਰੀ ਹੈ। ਬੀਤੇ ਦਿਨੀਂ ਹੁਗਲੀ ਵਿੱਚ ਆਯੋਜਿਤ ਕੀਤੀ ਗਈ ਭਾਰਤੀ ਜਨਤਾ ਪਾਰਟੀ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੀ ਰੈਲੀ ਵਿੱਚ ਨਾਅਰੇਬਾਜ਼ੀ ਕੀਤੀ ਗਈ, ਜਿਸ ‘ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਇੱਥੇ, ਭਾਜਪਾ ਸਮਰਥਕਾਂ ਨੇ ‘ਦੇਸ਼ ਦੇ ਗੱਦਾਰਾਂ ਨੂੰ ਗੋਲ਼ੀ ਮਾਰੋ*** ਦੇ ਨਾਅਰੇ ਲਗਾਏ ਸੀ। ਇਸ ਮਾਮਲੇ ‘ਚ ਹੁਣ ਪੁਲਿਸ ਨੇ ਤਿੰਨ ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੇ ਅਨੁਸਾਰ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸੁਰੇਸ਼ ਸ਼ਾ, ਰੌਬਿਨ ਘੋਸ਼ ਅਤੇ ਪ੍ਰਭਾਤ ਗੁਪਤਾ ਨੂੰ ਨਾਅਰੇਬਾਜ਼ੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹੁਗਲੀ ਵਿੱਚ ਬੀਤੇ ਦਿਨ ਸ਼ੁਭੇਂਦੂ ਅਧਿਕਾਰੀ, ਲੋਕੇਟ ਚੈਟਰਜੀ ਦੀ ਅਗਵਾਈ ਵਿੱਚ ਇੱਕ ਰੈਲੀ ਕੀਤੀ ਗਈ ਸੀ, ਜਿਸ ਵਿੱਚ ਹਜ਼ਾਰਾਂ ਭਾਜਪਾ ਵਰਕਰਾਂ ਨੇ ਹਿੱਸਾ ਲਿਆ ਸੀ। ਓਦੋਂ ਹੀ ਇੱਥੇ ਨਾਅਰੇਬਾਜ਼ੀ ਕੀਤੀ ਗਈ ਸੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਿਹਾ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਇਸ ਨਾਅਰੇ ਤੋਂ ਪਹਿਲਾਂ ਵੀ ਬਹੁਤ ਵਿਵਾਦ ਹੋ ਚੁੱਕੇ ਹਨ। ਬੀਜੇਪੀ ਨੇਤਾਵਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵੀ ਇਹ ਨਾਅਰੇਬਾਜ਼ੀ ਕੀਤੀ ਸੀ, ਜਿਸ ਕਾਰਨ ਪਾਰਟੀ ਨਿਸ਼ਾਨੇ ‘ਤੇ ਆ ਗਈ ਸੀ। ਇਸ ਦੇ ਨਾਲ ਹੀ ਬੰਗਾਲ ਵਿੱਚ ਵੀ ਟੀਐਮਸੀ ਅਤੇ ਭਾਜਪਾ ਵਿਚਾਲੇ ਨਾਅਰੇਬਾਜ਼ੀ ਨੂੰ ਲੈ ਕੇ ਵੱਖਰੀ ਲੜਾਈ ਚੱਲ ਰਹੀ ਹੈ। ਪੱਛਮੀ ਬੰਗਾਲ ਵਿੱਚ ਇਸ ਸਾਲ ਮਈ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਸ ਤੋਂ ਪਹਿਲਾਂ ਭਾਜਪਾ ਵੱਲੋਂ ਹਰ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਦੀ ਰਫਤਾਰ ਵਧਾਈ ਜਾ ਰਹੀ ਹੈ।