ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨਾਲ ਵਾਪਰੀ ਘਟਨਾ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਲਖਨਊ ਏਅਰਪੋਰਟ ਪਹੁੰਚੇ। ਲਖਨਊ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਉੱਥੇ ਮੌਜੂਦ ਪੁਲਿਸ ਨੇ ਉਨ੍ਹਾਂ ਨੂੰ ਬਾਹਰ ਨਿਕਲਣ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਭੁਪੇਸ਼ ਬਘੇਲ ਏਅਰਪੋਰਟ ‘ਤੇ ਹੀ ਧਰਨੇ ‘ਤੇ ਬੈਠ ਗਏ।
ਦਰਅਸਲ, ਭੁਪੇਸ਼ ਬਘੇਲ ਨੇ ਇਸ ਦੀ ਜਾਣਕਾਰੀ ਇੱਕ ਟਵੀਟ ਰਾਹੀਂ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਆਦੇਸ਼ ਦੇ ਲਖਨਊ ਏਅਰਪੋਰਟ ਤੋਂ ਬਾਹਰ ਜਾਣ ਤੋਂ ਰੋਕਿਆ ਜਾ ਰਿਹਾ ਹੈ।
ਇਸ ਟਵੀਟ ਵਿੱਚ ਉਨ੍ਹਾਂ ਨੇ ਆਪਣੀ ਧਰਨੇ ‘ਤੇ ਬੈਠਿਆਂ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਉਹ ਫਰਸ਼ ‘ਤੇ ਬੈਠੇ ਹੋਏ ਦਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ ਲਖਨਊ ਰਵਾਨਾ ਹੋਣ ਤੋਂ ਪਹਿਲਾਂ ਵੀ ਭੁਪੇਸ਼ ਬਘੇਲ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ। ਜਿਸ ਵਿੱਚ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਲਿਖਿਆ ਸੀ ਕਿ ਮੈਂ ਲਖਨਊ ਲਈ ਨਿਕਲ ਚੁੱਕਿਆ ਹਾਂ । ਕਿਸਾਨਾਂ ਨਾਲ ਨਿਆਂ ਹੋ ਕੇ ਹੀ ਰਹੇਗਾ।