Bihar Election Results 2020: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ । ਬਿਹਾਰ ਦੀ ਸੱਤਾ ਤੋਂ 15 ਸਾਲ ਬਨਵਾਸ ਖਤਮ ਕਰਵਾਉਣ ਦੇ ਇਰਾਦੇ ਨਾਲ ਚੋਣ ਮੈਦਾਨ ਵਿੱਚ ਉਤਰੀ ਰਾਸ਼ਟਰੀ ਜਨਤਾ ਦਲ (RJD) ਦਾ ਇੰਤਜ਼ਾਰ ਪੰਜ ਸਾਲ ਹੋਰ ਵੱਧ ਗਿਆ ਹੈ । ਲੋਕਾਂ ਨੇ ਇਕ ਵਾਰ ਫਿਰ ਬਿਹਾਰ ਦੀ ਤਾਕਤ ਦਾ ਤਾਜ ਨੀਤੀਸ਼ ਕੁਮਾਰ ਦੇ ਸਿਰ ‘ਤੇ ਸਜਾ ਦਿੱਤਾ ਹੈ। ਬਿਹਾਰ ਵਿੱਚ ਨੀਤੀਸ਼ ਕੁਮਾਰ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਗਠਜੋੜ ਦੇ ਉਮੀਦਵਾਰਾਂ ਨੇ 243 ਵਿਚੋਂ 125 ਸੀਟਾਂ ਜਿੱਤੀਆਂ ਹਨ।
ਇਸ ਬਹੁਮਤ ਲਈ ਲੋੜੀਂਦੇ 122 ਦੇ ਜਾਦੂਈ ਅੰਕੜੇ ਨਾਲੋਂ ਤਿੰਨ ਵੱਧ ਹੈ। RJD ਦੀ ਅਗਵਾਈ ਵਾਲੀ ਵਿਰੋਧੀ ਧਿਰ ਦੇ ਮਹਾਂਗਠਜੋੜ ਨੂੰ 110 ਸੀਟਾਂ ‘ਤੇ ਜਿੱਤ ਹਾਸਿਲ ਹੋਈ ਹੈ। NDA ਦੇ ਹਲਕਿਆਂ ਵਿਚੋਂ ਨੀਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ (JDU) ਨੂੰ 43 ਸੀਟਾਂ ‘ਤੇ ਜਿੱਤ ਮਿਲੀ ਹੈ। ਉੱਥੇ ਹੀ 74 ਸੀਟਾਂ ‘ਤੇ JDU ਦੇ ਗੱਠਜੋੜ ਸਹਿਯੋਗੀ ਭਾਜਪਾ ਉਮੀਦਵਾਰ ਜੇਤੂ ਰਹੇ । NDA ਦੇ ਹੋਰ ਹਲਕੇ ਹਿੰਦੁਸਤਾਨੀ ਆਵਾਮ ਮੋਰਚੇ ਨੂੰ ਚਾਰ ਤੇ ਵਿਕਾਸ ਸੀਨੀ ਇੰਸਨ ਪਾਰਟੀ ਨੂੰ ਚਾਰ ਸੀਟਾਂ ਮਿਲੀਆਂ ਹਨ।
ਐਗਜ਼ਿਟ ਪੋਲ ਦੇ ਅਨੁਮਾਨਾਂ ਨੂੰ ਗਲਤ ਦਸਦਿਆਂ NDA ਨੇ ਬਹੁਮਤ ਪ੍ਰਾਪਤ ਕਰ ਲਿਆ ਹੈ। NDA ਨੂੰ ਬਹੁਮਤ ਤੋਂ ਬਾਅਦ ਇਹ ਤੈਅ ਹੈ ਕਿ ਨਿਤੀਸ਼ ਕੁਮਾਰ ਹੀ ਬਿਹਾਰ ਦੇ ਅਗਲੇ ਮੁੱਖ ਮੰਤਰੀ ਹੋਣਗੇ । ਨੀਤੀਸ਼ ਕੁਮਾਰ ਨੂੰ ਸੱਤਾ ਮਿਲੀ, ਪਰ ਉਹ ਕਮਜ਼ੋਰ ਹੋਏ ਹਨ । ਉਨ੍ਹਾਂ ਦੀ ਪਾਰਟੀ ਦੀਆਂ ਸੀਟਾਂ ਘੱਟ ਗਈਆਂ ਹਨ । ਇਹ ਪਹਿਲਾ ਮੌਕਾ ਹੈ ਜਦੋਂ JDU ਗੱਠਜੋੜ ਵਿੱਚ ਭਾਜਪਾ ਤੋਂ ਪਿੱਛੇ ਰਹੀ ਹੈ ਅਤੇ ਦੂਜੇ ਨੰਬਰ ਦੀ ਪਾਰਟੀ ਬਣੀ ਹੈ । ਹਾਲਾਂਕਿ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਮੁਹਿੰਮ ਦੌਰਾਨ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸੀਟਾਂ ਘੱਟ ਹੋਣ ‘ਤੇ ਵੀ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣਨਗੇ।
ਦੱਸ ਦੇਈਏ ਕਿ ਗਿਣਤੀ ਦੀ ਸ਼ੁਰੂਆਤ ਵਿੱਚ ਹੀ NDA ਦੀ ਤੁਲਾਨਾ ਵਿੱਚ ਲਗਭਗ ਦੁੱਗਣੀ ਸੀਟਾਂ ‘ਤੇ ਬੜ੍ਹਤ ਹਾਸਿਲ ਕਰਨ ਵਾਲਾ ਮਹਾਂਗੱਠਜੋੜ ਆਪਣੀ ਬੜ੍ਹਤ ਕਾਇਮ ਨਹੀਂ ਰੱਖ ਸਕਿਆ । ਮਹਾਂਗਠਜੋੜ ਅੰਤ ਵਿੱਚ ਸਿਰਫ 110 ਸੀਟਾਂ ਹੀ ਜਿੱਤ ਸਕਿਆ । ਮਹਾਂਗਠਜੋੜ ਦੀ ਅਗਵਾਈ ਕਰਨ ਵਾਲੀ RJD ਨੂੰ 75 ਸੀਟਾਂ ‘ਤੇ ਜਿੱਤ ਮਿਲੀ । RJD ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ । ਮਹਾਂਗੱਠਜੋੜ ਦੀ ਘਟਕ ਕਾਂਗਰਸ ਦੇ ਉਮੀਦਵਾਰ 19 ਸੀਟਾਂ ਹੀ ਜਿੱਤ ਸਕੇ, ਜਦਕਿ ਕਮਿਊਨਿਸਟ ਪਾਰਟੀਆਂ ਨੇ 16 ਸੀਟਾਂ ਜਿੱਤੀਆਂ।