BJP and TMC workers clash : ਪੱਛਮੀ ਬੰਗਾਲ ਅਤੇ ਅਸਾਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਵੋਟਿੰਗ ਹੋ ਰਹੀ ਹੈ। ਬੰਗਾਲ ਦੇ 5 ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ, ਜਦਕਿ ਅਸਾਮ ਦੀਆਂ 47 ਸੀਟਾਂ ਲਈ ਵੋਟਿੰਗ ਚੱਲ ਰਹੀ ਹੈ। ਚੋਣ ਕਮਿਸ਼ਨ ਨੇ ਇਸ ਵਾਰ ਵੋਟਾਂ ਪਾਉਣ ਲਈ ਸਮਾਂ ਵਧਾ ਦਿੱਤਾ ਹੈ। ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲੇ ਦੇ ਸਲਬੋਨੀ ਵਿੱਚ ਇੱਕ ਪੋਲਿੰਗ ਸਟੇਸ਼ਨ ‘ਤੇ ਸੀਪੀਆਈਐਮ ਅਤੇ ਭਾਜਪਾ ਸਮਰਥਕਾਂ ਵਿਚਾਲੇ ਝੜਪ ਹੋ ਗਈ ਜਿਸ ਵਿੱਚ ਦੋ ਲੋਕ ਜ਼ਖਮੀ ਹੋ ਗਏ ਹਨ। ਦੋਵਾਂ ਧਿਰਾਂ ਦਾ ਇੱਕ-ਇੱਕ ਵਰਕਰ ਜ਼ਖ਼ਮੀ ਹੋ ਗਿਆ ਹੈ।
ਜਦਕਿ ਪੱਛਮੀ ਮਿਦਨਾਪੁਰ ਜ਼ਿਲੇ ਦੇ ਮੋਹਨਪੁਰ ਦੇ ਇੱਕ ਪੋਲਿੰਗ ਸਟੇਸ਼ਨ ‘ਤੇ ਭਾਜਪਾ ਅਤੇ ਟੀਐਮਸੀ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ ਹੈ, ਜਿਸ ਨੂੰ ਖਤਮ ਕਰਨ ਲਈ ਸੁਰੱਖਿਆ ਬਲਾਂ ਨੇ ਲਾਠੀਚਾਰਜ ਕੀਤਾ ਹੈ। ਇੱਥੇ ਭੀੜ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੂੰ ਲਾਠੀਚਾਰਜ ਕਰਨਾ ਪਿਆ ਹੈ। ਇਸ ਤੋਂ ਪਹਿਲਾ ਟੀਐਮਸੀ ਨੇ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਟੈਗ ਕਰਦੇ ਹੋਏ ਇੱਕ ਟਵੀਟ ਕੀਤਾ ਸੀ ਕਿ ਕਾਂਠੀ ਦੱਖਣੀ ਵਿਧਾਨ ਸਭਾ ਹਲਕੇ ਦੇ ਬਹੁਤ ਸਾਰੇ ਵੋਟਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਟੀਐਮਸੀ ਨੂੰ ਵੋਟ ਦੇ ਰਹੇ ਹਨ ਅਤੇ ਵੀਵੀਪੀਏਟ ਦਿਖਾ ਰਿਹਾ ਹੈ ਕਿ ਇਹ ਵੋਟ ਭਾਜਪਾ ਨੂੰ ਜਾ ਰਹੀ ਹੈ। ਟੀਐਮਸੀ ਨੇ ਚੋਣ ਕਮਿਸ਼ਨ ਨੂੰ ਇਸ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।