BJP demands CBI probe: ਜੈਪੁਰ: ਰਾਜਸਥਾਨ ਵਿੱਚ ਜਾਰੀ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਵਿਧਾਇਕਾਂ ਦੀ ਕਥਿਤ ਤੌਰ ‘ਤੇ ਖਰੀਦ-ਵਿਕਰੀ ਨਾਲ ਸਬੰਧਤ ਆਡੀਓ ਕਲਿੱਪ ‘ਤੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਰਾਜ ਦੀ ਵਿਰੋਧੀ ਧਿਰ ਭਾਜਪਾ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ । ਭਾਜਪਾ ਨੇ ਇਸ ਸਬੰਧ ਵਿੱਚ ਪੁਲਿਸ ਵਿੱਚ ਐਫਆਈਆਰ ਵੀ ਦਰਜ ਕਰਵਾਈ ਗਈ ਹੈ । ਭਾਜਪਾ ਨੇ ਜੈਪੁਰ ਦੇ ਜੋਤੀ ਨਗਰ ਥਾਣੇ ਵਿੱਚ ਦਰਜ ਇੱਕ ਐਫਆਈਆਰ ਵਿੱਚ ਦੋਸ਼ ਲਾਇਆ ਕਿ ਕਾਂਗਰਸੀ ਨੇਤਾ ਸੁਰਜੇਵਾਲਾ, ਦੋਟਾਸਰਾ ਅਤੇ ਲੋਕੇਸ਼ ਸ਼ਰਮਾ ਨੇ ਵਿਧਾਇਕਾਂ ਦੀ ਖਰੀਦ ਦਾ ਝੂਠਾ ਆਡੀਓ ਬਣਾ ਕੇ ਭਾਜਪਾ ਨੇਤਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ । ਭਾਜਪਾ ਨੇ ਇਸ ਸਬੰਧੀ ਮਾਣਹਾਨੀ ਦਾ ਕੇਸ ਦਾਇਰ ਕਰਕੇ ਪੁਲਿਸ ਨੂੰ ਇਨ੍ਹਾਂ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ।
ਉੱਥੇ ਹੀ ਦੂਜੇ ਪਾਸੇ ਹੁਣ ਵਿਧਾਇਕਾਂ ਦੀ ਖਰੀਦ-ਵਿਕਰੀ ਵਿੱਚ ਸਾਹਮਣੇ ਆਏ ਆਡੀਓ ਟੇਪ ਮਾਮਲੇ ਸਬੰਧੀ ਐਂਟੀ ਕੁਰੱਪਸ਼ਨ ਬਿਊਰੋ (ACB) ਵਿੱਚ ਵੀ ਐਫਆਈਆਰ ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਐਫਆਈਆਰ ਰਾਜਸਥਾਨ ਵਿਧਾਨ ਸਭਾ ਵਿੱਚ ਚੀਫ਼ ਵ੍ਹਿਪ ਮਹੇਸ਼ ਜੋਸ਼ੀ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਹੈ । ਵਿਧਾਇਕ ਭੰਵਰਲਾਲ ਸ਼ਰਮਾ ਦਾ ਨਾਮ ਐਫਆਈਆਰ ਵਿੱਚ ਰੱਖਿਆ ਗਿਆ ਹੈ, ਕਿਉਂਕਿ ਬਿਆਨਾਂ ਵਿੱਚ ਮਹੇਸ਼ ਜੋਸ਼ੀ ਨੇ ਕਿਹਾ ਕਿ ਉਹ ਵਿਧਾਇਕ ਭੰਵਰਲਾਲ ਸ਼ਰਮਾ ਦੀ ਅਵਾਜ਼ ਨੂੰ ਪਛਾਣਦੇ ਹਨ । ਇਹ ਕੇਸ ਏਸੀਬੀ ਹੈੱਡਕੁਆਰਟਰ ਵਿਖੇ ਪੀਸੀ ਐਕਟ ਤਹਿਤ ਦਰਜ ਕੀਤਾ ਗਿਆ ਹੈ।
ਰਾਜਸਥਾਨ ਵਿੱਚ ਰਾਜਨੀਤਿਕ ਡਰਾਮੇ ਦੇ ਵਿਚਕਾਰ ਐਸਓਜੀ ਦੀ ਟੀਮ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਰਾਜਸਥਾਨ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੀ ਟੀਮ ਨੇ ਸੰਜੇ ਜੈਨ ਨੂੰ ਭਾਰਤੀ ਦੰਡਾਵਲੀ ਦੀ ਧਾਰਾ 124 ਏ ਅਤੇ 120 ਬੀ ਦੇ ਤਹਿਤ ਗ੍ਰਿਫਤਾਰ ਕੀਤਾ ਹੈ । ਦੂਜੇ ਪਾਸੇ ਆਈਟੀ ਵਿਭਾਗ ਦੀ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਇਨਕਮ ਟੈਕਸ ਵਿਭਾਗ ਨੇ ਦੋ ਦਿਨ ਪਹਿਲਾਂ ਕੀਤੀ ਗਈ ਇਸ ਛਾਪੇਮਾਰੀ ਵਿੱਚ ਤਕਰੀਬਨ 1.7 ਕਰੋੜ ਰੁਪਏ ਨਕਦ ਅਤੇ ਬੇਹਿਸਾਬੀ ਗਹਿਣੇ ਬਰਾਮਦ ਕੀਤੇ ਹਨ । ਇਸ ਦੀ ਕੀਮਤ 12 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।