BJP IT Chief Amit Malviya: ਭਾਰਤ ਅਤੇ ਚੀਨ ਵਿਚਾਲੇ ਸਰਹੱਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਦਿੱਲੀ ਵਿੱਚ ਰਾਜਨੀਤੀ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ । ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇਸ ਮੁੱਦੇ ‘ਤੇ ਇੱਕ ਬਿਆਨ ਜਾਰੀ ਕੀਤਾ, ਜਿਸ ‘ਤੇ ਰਾਹੁਲ ਗਾਂਧੀ ਦਾ ਟਵੀਟ ਵੀ ਆਇਆ। ਹੁਣ ਕਾਂਗਰਸ ਦੇ ਨੇਤਾਵਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਜਵਾਬ ਦਿੱਤਾ ਗਿਆ ਹੈ। ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਦੇ ਟਵੀਟ ਦਾ ਜਵਾਬ ਦਿੱਤਾ। ਅਮਿਤ ਮਾਲਵੀਆ ਨੇ ਲਿਖਿਆ ਕਿ ਮਨਮੋਹਨ ਸਿੰਘ ਦੀ ਸਲਾਹ ਲਓ, ਜਿਨ੍ਹਾਂ ਦੇ ਆਰਡੀਨੈਂਸ ਨੂੰ ਜਨਤਕ ਤੌਰ ‘ਤੇ ਰਾਹੁਲ ਗਾਂਧੀ ਨੇ ਫਾੜ ਦਿੱਤਾ ਸੀ, ਜਦੋਂ ਉਹ ਉਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸਨ।
ਇਸ ਤੋਂ ਅੱਗੇ ਅਮਿਤ ਮਾਲਵੀਆ ਨੇ ਲਿਖਿਆ ਕਿ ਡਾ: ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਜਾਣਦੇ ਹਨ ਕਿ ਕਾਂਗਰਸ ਦੇ ਸ਼ਾਸਨਕਾਲ ਵਿੱਚ ਹੀ ਚੀਨ ਨੇ ਭਾਰਤ ਦਾ ਜ਼ਿਆਦਾਤਰ ਹਿੱਸਾ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।ਗੌਰਤਲਬ ਹੈ ਕਿ ਮਨਮੋਹਨ ਸਿੰਘ ਨੇ ਆਪਣੇ ਬਿਆਨ ਵਿੱਚ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਾਬਕਾ ਪ੍ਰਧਾਨਮੰਤਰੀ ਨੇ ਲਿਖਿਆ ਕਿ ਇਹ ਸਮਾਂ ਦੇਸ਼ ਦੇ ਇੱਕਜੁੱਟ ਹੋਣ ਦਾ ਹੈ, ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਬਿਆਨ ਧਿਆਨ ਨਾਲ ਰੱਖਣੇ ਚਾਹੀਦੇ ਹਨ, ਤਾਂ ਜੋ ਚੀਨ ਉਨ੍ਹਾਂ ਦੀ ਵਰਤੋਂ ਨਾ ਕਰ ਸਕੇ।
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਵੀ ਮਨਮੋਹਨ ਸਿੰਘ ਦੇ ਇਸੇ ਬਿਆਨ ਨੂੰ ਟਵੀਟ ਕੀਤਾ ਹੈ । ਰਾਹੁਲ ਗਾਂਧੀ ਨੇ ਲਿਖਿਆ ਕਿ ਦੇਸ਼ ਦੀ ਬਿਹਤਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਲਾਹ ਮੰਨਣੀ ਚਾਹੀਦੀ ਹੈ। ਰਾਹੁਲ ਦੇ ਇਸ ਟਵੀਟ ‘ਤੇ ਹੁਣ ਅਮਿਤ ਮਾਲਵੀਆ ਦਾ ਜਵਾਬ ਆਇਆ ਹੈ।