Bjp leader rahul sinha : ਇਸ ਵਾਰ ਪੱਛਮੀ ਬੰਗਾਲ ਦੀਆ ਚੋਣਾਂ ਬਹੁਤ ਸਾਰੇ ਮਾਮਲਿਆਂ ‘ਚ ਮਹੱਤਵਪੂਰਣ ਹਨ ਅਤੇ ਇਸੇ ਲਈ ਸਾਰੇ ਦੇਸ਼ ਦੀ ਨਜ਼ਰ ਇਸ ਰਾਜ ਦੀ ਚੋਣ ਵੱਲ ਹੈ। ਇਸ ਦੌਰਾਨ ਹੁਣ ਚੋਣ ਕਮਿਸ਼ਨ ਵੀ ਸਖਤ ਹੋ ਗਿਆ ਹੈ, ਦਰਅਸਲ ਭਾਜਪਾ ਨੇਤਾ ਰਾਹੁਲ ਸਿਨਹਾ ਖ਼ਿਲਾਫ਼ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ‘ਤੇ 48 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਲਗਾਈ ਗਈ ਇਹ ਪਾਬੰਦੀ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਗਈ ਹੈ। ਰਾਹੁਲ ਸਿਨਹਾ ‘ਤੇ ਇਹ ਪਾਬੰਦੀ 15 ਅਪ੍ਰੈਲ ਨੂੰ ਦੁਪਹਿਰ 12 ਵਜੇ ਤੱਕ ਲਾਗੂ ਰਹੇਗੀ। ਰਾਹੁਲ ਸਿਨਹਾ ਨੇ ਕੇਂਦਰੀ ਬਲਾਂ ਦੀ ਗੋਲੀਬਾਰੀ ਵਿੱਚ 4 ਨੌਜਵਾਨਾਂ ਦੀ ਮੌਤ ਦੀ ਘਟਨਾ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ 4 ਦੀ ਬਜਾਏ 8 ਮੌਤਾਂ ਹੋਣੀਆਂ ਚਾਹੀਦੀਆਂ ਸਨ। ਦੱਸ ਦਈਏ ਕਿ ਵੋਟਿੰਗ ਦੇ ਚੌਥੇ ਪੜਾਅ ਦੌਰਾਨ ਰਾਹੁਲ ਸਿਨਹਾ ਨੇ ਕੂਚ ਬਿਹਾਰ ਵਿੱਚ ਹੋਈ ਹਿੰਸਾ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਸੀ। ਸਿਨਹਾ ਨੇ ਕਿਹਾ ਸੀ, “ਕੇਂਦਰੀ ਬਲਾਂ ਨੇ ਉਨ੍ਹਾਂ ਨੂੰ ਮੂੰਹ ਜਵਾਬ ਦਿੱਤਾ ਹੈ। ਜੇ ਉਹ ਦੁਬਾਰਾ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਫਿਰ ਉਹੀ ਜਵਾਬ ਮਿਲੇਗਾ। ਕੇਂਦਰੀ ਬਲਾਂ ਨੂੰ ਸੀਤਲਕੁਚੀ ਵਿੱਚ 4 ਦੀ ਥਾਂ 8 ਲੋਕਾਂ ਨੂੰ ਮਾਰ ਦੇਣਾ ਚਾਹੀਦਾ ਸੀ।”
ਚੋਣ ਕਮਿਸ਼ਨ ਨੇ ਆਪਣੇ ਆਦੇਸ਼ ਵਿੱਚ ਇੱਕ ਟੀਵੀ ਚੈਨਲ ‘ਤੇ ਪ੍ਰਸਾਰਿਤ ਰਾਹੁਲ ਸਿਨਹਾ ਦੇ ਬਿਆਨ ਦਾ ਹਵਾਲਾ ਦੇ ਕੇ ਇਹ ਫੈਸਲਾ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਰਾਹੁਲ ਸਿਨਹਾ ਦੇ ਬਿਆਨ ਦਾ ਖ਼ੁਦਮੁਖਤਿਆਰੀ ਨੋਟਿਸ ਲਿਆ ਹੈ। ਉਨ੍ਹਾਂ ਦਾ ਬਿਆਨ ਚੋਣ ਜ਼ਾਬਤੇ ਦੀ ਉਲੰਘਣਾ ਕਰਦਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਰਾਹੁਲ ਸਿਨਹਾ ਦਾ ਇਹ ਬਿਆਨ ਸੁਰੱਖਿਆ ਬਲਾਂ ਨੂੰ ਭੜਕਾ ਰਿਹਾ ਹੈ। ਇਸ ਬਿਆਨ ਤੋਂ ਬਾਅਦ, ਇਸਦੇ ਉਲਟ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਕਮਿਸ਼ਨ ਨੇ ਕਿਹਾ ਕਿ ਅਸੀਂ ਰਾਹੁਲ ਸਿਨਹਾ ਅਤੇ ਭਾਜਪਾ ਨੂੰ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦੇ ਹਾਂ।