Bjp mla nandkishor gurjar : ਖ਼ੇਤੀ ਕਾਨੂੰਨਾਂ ਨੂੰ ਲੈ ਕੇ ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਹਰਿਆਣੇ ਦੀ ਜੀਂਦ ਵਿੱਚ ਕਿਸਾਨਾਂ ਨਾਲ ਮਹਾਪੰਚਾਇਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਕਿਸੇ ਵੀ ਦਬਾਅ ਅੱਗੇ ਝੁਕਣਗੇ ਨਹੀਂ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇ ਕਾਨੂੰਨ ਵਾਪਿਸ ਨਹੀਂ ਲਏ ਗਏ ਤਾ ਸਰਕਾਰ ਲਈ ਸੱਤਾ ਵਿੱਚ ਬਣੇ ਰਹਿਣਾ ਮੁਸ਼ਕਿਲ ਹੋਵੇਗਾ। ਪਰ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੂੰ ਲੈ ਕੇ ਬੀਜੇਪੀ ਨੇਤਾ ਨੰਦ ਕਿਸ਼ੋਰ ਗੁੱਜਰ ਨੇ ਵਿਵਾਦ ਭਰਿਆ ਬਿਆਨ ਦਿੱਤਾ ਹੈ। ਰਾਕੇਸ਼ ਟਿਕੈਤ ਦੇ ਦੋਸ਼ਾ ਨੂੰ ਨਕਾਰਦੇ ਹੋਏ ਨੰਦ ਕਿਸ਼ੋਰ ਗੁੱਜਰ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਤੋਂ ਵੱਧ ਵੱਡੇ ਕਿਸਾਨ ਹਨ। ਕਿਉਕਿ ਉਨ੍ਹਾਂ ਕੋਲ ਵੱਧ ਜ਼ਮੀਨ ਹੈ। ਉਨ੍ਹਾਂ ਨੇ ਰਾਕੇਸ਼ ਟਿਕੈਤ ‘ਤੇ ਵਿਅਕਤੀਗਤ ਹਮਲਾ ਵੀ ਕੀਤਾ ਹੈ। ਉਨ੍ਹਾਂ ਨੇ ਆਰੋਪ ਲਗਾਇਆ ਕਿ ਟਿਕੈਤ ਸਿਰਫ਼ 2000 ਰੁਪਏ ਲਈ ਕੀਤੇ ਵੀ ਚੱਲ ਜਾਂਦੇ ਹਨ।
ਦਰਅਸਲ ਟਿਕੈਤ ਨੇ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਅੰਦੋਲਨਕਾਰੀ ਕਿਸਾਨਾਂ ਨੂੰ ਧਮਕੀ ਦੇਣ ਅਤੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੋਂ ਧੱਕੇ ਨਾਲ ਹਟਾਉਣ ਦਾ ਆਰੋਪ ਲਗਾਇਆ ਸੀ। ਬੀਜੇਪੀ ਵਿਧਾਇਕ ਨੰਦ ਕਿਸ਼ੋਰ ਗੁੱਜਰ ਨੇ ਕਿਹਾ ਕਿ ਮੈਂ ਵੀ ਕਿਸਾਨ ਹਾਂ। ਰਾਕੇਸ਼ ਟਿਕੈਤ ਮੇਰੇ ਤੋਂ ਵੱਡੇ ਕਿਸਾਨ ਨਹੀਂ ਹਨ। ਉਨ੍ਹਾਂ ਕੋਲ ਮੇਰੇ ਜਿੰਨੀ ਜ਼ਮੀਨ ਵੀ ਨਹੀਂ ਹੈ, ਰਾਕੇਸ਼ ਟਿਕੈਤ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਉਹ ਦੇਸ਼ ਦੇ ਕਿਸਾਨਾਂ ਨੂੰ ਨਹੀਂ ਵੰਡ ਸਕਦੇ,ਇਤਿਹਾਸ ਇਸ ਨੂੰ ਯਾਦ ਰੱਖੇਗਾ। ਕਿਸਾਨ ਅੰਦੋਲਨ ਦੇ ਬਾਰੇ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ “ਕੌਣ ਕਹਿੰਦਾ ਹੈ ਇਹ ਕਿਸਾਨ ਨੇ, ਤੁਸੀ ਜਾਓ ਤੇ ਦੇਖੋ, ਉੱਥੇ ਰਾਜਨੀਤਿਕ ਲੋਕ ਬੈਠੇ ਹਨ ਉਹ ਕਿਸਾਨ ਵੀ ਹੋ ਸਕਦੇ ਹਨ ਅਤੇ ਮਜਦੂਰ ਵੀ।”