ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ । ਪੁਸ਼ਕਰ ਸਿੰਘ ਧਾਮੀ ਅੱਜ ਯਾਨੀ ਕਿ ਐਤਵਾਰ ਸ਼ਾਮ 5 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ । ਸ਼ਨੀਵਾਰ ਨੂੰ ਦੇਹਰਾਦੂਨ ਵਿੱਚ ਹੋਈ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਧਾਮੀ ਦੇ ਨਾਮ ‘ਤੇ ਮੋਹਰ ਲੱਗੀ ।
ਮੁੱਖ ਮੰਤਰੀ ਦੇ ਨਾਮ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਪੁਸ਼ਕਰ ਸਿੰਘ ਧਾਮੀ ਰਾਜ ਭਵਨ ਪਹੁੰਚੇ ਅਤੇ ਉੱਤਰਾਖੰਡ ਦੇ ਰਾਜਪਾਲ ਬੇਬੀ ਰਾਣੀ ਮੌਰਿਆ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ । ਇਸ ਦੌਰਾਨ ਉਨ੍ਹਾਂ ਨਾਲ ਕਈ ਵਿਧਾਇਕ ਵੀ ਮੌਜੂਦ ਸਨ । ਪੁਸ਼ਕਰ ਸਿੰਘ ਰਾਜ ਦੇ 11ਵੇਂ ਮੁੱਖ ਮੰਤਰੀ ਹੋਣਗੇ ।
ਦਰਅਸਲ, ਪੁਸ਼ਕਰ ਸਿੰਘ ਧਾਮੀ ਖਟੀਮਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ । ਹਾਲਾਂਕਿ ਉਹ ਕਦੇ ਮੁੱਖ ਮੰਤਰੀ ਨਹੀਂ ਬਣੇ । ਪੁਸ਼ਕਰ ਸਿੰਘ ਧਾਮੀ ਦਾ ਜਨਮ ਪਿਥੌਰਾਗੜ ਦੇ ਟੁੰਡੀ ਪਿੰਡ ਵਿੱਚ ਹੋਇਆ ਸੀ । ਉਹ ਭਾਜਪਾ ਯੁਵਾ ਮੋਰਚੇ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਉਤਰਾਖੰਡ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪੁਸ਼ਕਰ ਸਿੰਘ ਧਾਮੀ ਨੇ ਕਿਹਾ, “ਮੇਰੀ ਪਾਰਟੀ ਨੇ ਇੱਕ ਆਮ ਵਰਕਰ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ । ਅਜਨਤਾ ਦੇ ਮੁੱਦਿਆਂ ‘ਤੇ ਅਸੀਂ ਸਭ ਦਾ ਸਹਿਯੋਗ ਲੈ ਕੇ ਕੰਮ ਕਰਾਂਗੇ।” ਉਨ੍ਹਾਂ ਇਹ ਵੀ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਉਹ ਨਾ ਸਿਰਫ ਹਰ ਚੁਣੌਤੀ ਨੂੰ ਪਾਰ ਕਰਨਗੇ ਬਲਕਿ ਆਪਣੇ ਪੂਰਵਗਾਮੀਆਂ ਵੱਲੋਂ ਕੀਤੇ ਕੰਮ ਨੂੰ ਅੱਗੇ ਵਧਾਏਗਾ ।