boat overturns in kota: ਕੋਟਾ: ਰਾਜਸਥਾਨ ਦੇ ਬੁੰਦੀ ਜ਼ਿਲੇ ਦੇ ਇੱਕ ਮੰਦਰ ਵਿੱਚ 30 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਬੁੱਧਵਾਰ ਸਵੇਰੇ ਇੱਥੇ ਪਲਟ ਜਾਣ ਨਾਲ ਔਰਤਾਂ ਅਤੇ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਲੋਕ ਅਜੇ ਵੀ ਲਾਪਤਾ ਹਨ, ਜਦਕਿ 20 ਸ਼ਰਧਾਲੂਆਂ ਨੂੰ ਬਚਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਇਹ ਹਾਦਸਾ ਕੋਟੌਲੀ ਪੁਲਿਸ ਸਟੇਸ਼ਨ ਨੇੜੇ ਕੋਟਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 110 ਕਿਲੋਮੀਟਰ ਦੂਰ ਗੋਤੜਾ ਪਿੰਡ ਨੇੜੇ ਸਵੇਰੇ 9.45 ਵਜੇ ਵਾਪਰਿਆ। ਕੋਟਾ ਦੇ ਖਤੋਲੀ-ਇਟਾਵਾ ਖੇਤਰ ਦੇ ਇਹ ਲੋਕ ਬੁੰਦੀ ਦੇ ਇੰਦਰਗੜ੍ਹ ਸਥਿਤ ਕਮਲੇਸ਼ਵਰ ਮੰਦਰ ਜਾ ਰਹੇ ਸਨ। ਇਸ ਸਬੰਧ ਵਿੱਚ ਇੱਕ ਅਧਿਕਾਰੀ ਨੇ ਦੱਸਿਆ ਕਿ ਜਿੱਥੇ ਕਿਸ਼ਤੀ ਪਲਟੀ ਉਥੇ ਨਦੀ ਦੀ ਡੂੰਘਾਈ 40 ਤੋਂ 45 ਫੁੱਟ ਸੀ। ਉਸ ਨੇ ਦੱਸਿਆ ਕਿ ਐਸ.ਡੀ.ਆਰ.ਐਫ ਅਤੇ ਐਨ.ਡੀ.ਆਰ.ਐਫ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਜ਼ਿਲ੍ਹਾ ਮੈਜਿਸਟਰੇਟ ਉਜਵਲ ਰਾਠੌਰ ਨੇ ਕਿਹਾ, “ਖਟੋਲੀ ਵਿੱਚ ਵਾਪਰੀ ਇਸ ਘਟਨਾ ਵਿੱਚ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।” ਉਸ ਨੇ ਦੱਸਿਆ ਕਿ 20 ਲੋਕਾਂ ਨੂੰ ਬਚਾਇਆ ਗਿਆ ਹੈ। ਰਾਠੌਰ ਨੇ ਕਿਹਾ ਕਿ ਸਥਾਨਕ ਨਾਗਰਿਕਾਂ ਅਨੁਸਾਰ ਹਾਦਸੇ ਸਮੇਂ ਬੇੜੀ ਵਿੱਚ 35 ਤੋਂ 40 ਲੋਕ ਅਤੇ 14 ਤੋਂ 15 ਮੋਟਰਸਾਈਕਲ ਸਵਾਰ ਸਨ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਪ੍ਰਤੱਖ ਰੂਪ ਤੋਂ ਇਹ ਜਾਪਦਾ ਹੈ ਕਿ ਇਹ ਹਾਦਸਾ ਕਿਸ਼ਤੀ ਦੇ ਕਮਜ਼ੋਰ ਹੋਣ ਕਾਰਨ ਹੋਇਆ ਸੀ। ਇਲਾਕੇ ਦੇ ਡੀਐਸਪੀ ਸ਼ੁਭਕਰਨ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਮਲਾਹ ਅਤੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰਕੇ ਮੋਦੀ ਦੇ ਹਵਾਲੇ ਨਾਲ ਕਿਹਾ, “ਮੈਂ ਰਾਜਸਥਾਨ ਦੇ ਕੋਟਾ ਵਿੱਚ ਕਿਸ਼ਤੀ ਦੇ ਪਲਟ ਜਾਣ ਦੀ ਘਟਨਾ ਤੋਂ ਦੁਖੀ ਹਾਂ। ਉਨ੍ਹਾਂ ਸਾਰਿਆਂ ਨਾਲ ਮੇਰੀ ਹਮਦਰਦੀ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ।” ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਨੂੰ ਦੁਖਦਾਈ ਅਤੇ ਮੰਦਭਾਗਾ ਦੱਸਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 1-1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਲੋਕ ਸਭਾ ਸਪੀਕਰ ਅਤੇ ਕੋਟਾ-ਬੂੰਦੀ ਖੇਤਰ ਦੇ ਸੰਸਦ ਮੈਂਬਰ ਓਮ ਬਿਰਲਾ ਨੇ ਵੀ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸਥਾਨਕ ਕਾਂਗਰਸ ਵਿਧਾਇਕ ਰਾਮਨਾਰਾਇਣ ਮੀਨਾ ਨੇ ਹਾਦਸੇ ‘ਤੇ ਸੋਗ ਪ੍ਰਗਟ ਕੀਤਾ ਅਤੇ ਰਾਹਤ ਰਾਸ਼ੀ ‘ਚ ਵਾਧਾ ਕਰਨ ਦੀ ਮੰਗ ਕੀਤੀ।