Celebrated poet Rahat Indori: ਕੋਰੋਨਾ ਵਾਇਰਸ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਕੋਵਿਡ -19 ਦੇ ਵੱਧ ਰਹੇ ਪ੍ਰਭਾਵ ਦੇ ਵਿਚਕਾਰ,ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਰਾਹਤ ਇੰਦੌਰੀ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਦਾਖਲ ਹਨ।
ਰਾਹਤ ਇੰਦੌਰੀ ਨੇ ਮੰਗਲਵਾਰ ਸਵੇਰੇ ਟਵੀਟ ਕਰਦਿਆਂ ਲਿਖਿਆ ਕਿ ‘ਕੋਰੋਨਾ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤੋਂ ਬਾਅਦ ਕੱਲ੍ਹ ਮੇਰਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਲਿਖਿਆ ਕਿ ਮੈਂ ਅਰਬਿੰਦੋ ਹਸਪਤਾਲ ਵਿੱਚ ਦਾਖਲ ਹਾਂ। ਪ੍ਰਾਰਥਨਾ ਕਰੋ ਕਿ ਮੈ ਇਸ ਬਿਮਾਰੀ ਨੂੰ ਜਲਦੀ ਤੋਂ ਜਲਦੀ ਹਰਾ ਦੇਵਾਂ।’
ਇਸ ਤੋਂ ਇਲਾਵਾ ਉਨ੍ਹਾਂ ਨੇ ਉਸੇ ਟਵੀਟ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਅਤੇ ਕਿਹਾ, ‘ਇੱਕ ਹੋਰ ਇਲਤੇਜਾ ਹੈ, ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਾ ਕਰੋ, ਮੇਰੀ ਖੈਰੀਅਤ ਟਵਿੱਟਰ ਅਤੇ ਫੇਸਬੁੱਕ ‘ਤੇ ਤੁਹਾਨੂੰ ਮਿਲਦੀ ਰਹੇਗੀ । ਦੱਸ ਦੇਈਏ ਕਿ ਇਸ ਜਾਣਕਾਰੀ ਤੋਂ ਬਾਅਦ ਟਵਿੱਟਰ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਲਾਮਤੀ ਲਈ ਦੁਆ ਕਰ ਰਹੇ ਹਨ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਸੰਕਰਮਣ ਦੇ 866 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੁਣ ਤੱਕ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 39,891 ਹੋ ਗਈ ਹੈ। ਰਾਜ ਨੇ ਪਿਛਲੇ 24 ਘੰਟਿਆਂ ਦੌਰਾਨ ਇਸ ਬਿਮਾਰੀ ਨਾਲ 19 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 1,015 ਹੋ ਗਈ ਹੈ।