Cm arvind kejriwal on covid 19 : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਸਮੀਖਿਆ ਬੈਠਕ ਕੀਤੀ ਹੈ। ਇਸ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਦੇਸ਼ ਲਈ ਕੋਰੋਨਾ ਦੀ ਦੂਜੀ ਵੇਬ ਹੋ ਸਕਦੀ ਹੈ ਪਰ ਦਿੱਲੀ ਲਈ ਇਹ ਚੌਥੀ ਵੇਬ (ਲਹਿਰ) ਹੈ।
ਉਨ੍ਹਾਂ ਕਿਹਾ ਕਿ ਅੱਜ ਰਾਸ਼ਟਰੀ ਰਾਜਧਾਨੀ ਵਿੱਚ 3583 ਕੇਸ ਆਏ ਹਨ। 16 ਮਾਰਚ ਨੂੰ ਤਕਰੀਬਨ 425 ਕੇਸ ਆਏ ਸਨ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਚਿੰਤਾ ਦਾ ਵਿਸ਼ਾ ਹੈ ਸਰਕਾਰ ਦੀ ਨਜ਼ਰ ਬਣੀ ਹੋਈ ਹੈ। ਜੋ ਵੀ ਉਚਿਤ ਲੋੜੀਂਦੇ ਕਦਮ ਹਨ ਅਸੀਂ ਚੁੱਕ ਰਹੇ ਹਾਂ। ਲੌਕਡਾਊਨ ਦਾ ਕੋਈ ਵਿਚਾਰ ਨਹੀਂ ਹੈ। ਜੇ ਭਵਿੱਖ ਵਿੱਚ ਜ਼ਰੂਰਤ ਪਈ ਤਾਂ ਫੈਸਲਾ ਗੱਲਬਾਤ ਤੋਂ ਬਾਅਦ ਹੀ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਹਾਲਾਂਕਿ, ਇਹ ਲਹਿਰ ਪਿੱਛਲੀ ਲਹਿਰ ਨਾਲੋਂ ਘੱਟ ਖ਼ਤਰਨਾਕ ਹੈ। ਕੋਰੋਨਾ ਕਾਰਨ ਹੋਈਆਂ ਮੌਤਾਂ ਘਟੀਆਂ ਹਨ। ਉਨ੍ਹਾਂ ਕਿਹਾ ਕਿ ਟੈਸਟਿੰਗ, ਟਰੇਸਿੰਗ ਅਤੇ ਏਕਾਂਤਵਾਸ ਕਰਨ ਦਾ ਕੰਮ ਬਹੁਤ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੀ ਭਾਗੀਦਾਰੀ ਮਹੱਤਵਪੂਰਨ ਹੈ। ਉਨ੍ਹਾਂ ਅਪੀਲ ਕੀਤੀ ਕਿ ਸਾਰਿਆਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਸਮਾਜਿਕ ਦੂਰੀਆਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਨ।