CM Arvind Kejriwal to launch: ਨਵੀਂ ਦਿੱਲੀ: ਪ੍ਰਦੂਸ਼ਣ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਗ੍ਰੀਨ ਦਿੱਲੀ ਐਪ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ । ਐਪ ਦੇ ਲਾਂਚ ਨਾਲ ਜੁੜੀਆਂ ਤਿਆਰੀਆਂ ਦੇ ਸਬੰਧ ਵਿੱਚ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਦਿੱਲੀ ਗ੍ਰੀਨ ਐਪ ਦੇ ਸਬੰਧ ਵਿੱਚ ਸਬੰਧਿਤ ਅਧਿਕਾਰੀਆਂ ਨਾਲ ਸ਼ਿਕਾਇਤ ਨਿਵਾਰਣ ਪ੍ਰਕਿਰਿਆ ਨੂੰ ਲੈ ਕੇ ਇੱਕ ਸਮੀਖਿਆ ਮੀਟਿੰਗ ਕੀਤੀ । ਗ੍ਰੀਨ ਦਿੱਲੀ ਐਪ ਦੀ ਵਰਤੋਂ ਕਰਦਿਆਂ ਲੋਕ ਕੂੜਾ ਜਲਾਉਣ, ਉਦਯੋਗਿਕ ਪ੍ਰਦੂਸ਼ਣ, ਧੂੜ ਦੀਆਂ ਸ਼ਿਕਾਇਤਾਂ ਬਾਰੇ ਸਰਕਾਰ ਨੂੰ ਜਾਣਕਾਰੀ ਦੇ ਸਕਣਗੇ।
ਐਪ ਰਾਹੀਂ ਹੋਵੇਗਾ ਸ਼ਿਕਾਇਤਾਂ ਦਾ ਨਿਪਟਾਰਾ
ਸਮੀਖਿਆ ਬੈਠਕ ਵਿੱਚ ਵਾਤਾਵਰਣ ਵਿਭਾਗ, ਮਾਲ ਵਿਭਾਗ, MCD, NDMC, DDA, PDWD, ਦਿੱਲੀ ਪੁਲਿਸ, ਦਿੱਲੀ ਫਾਇਰ ਸਰਵਿਸ, NHAI ਆਦਿ ਵਿਭਾਗਾਂ ਦੇ ਨੋਡਲ ਅਧਿਕਾਰੀ ਸ਼ਾਮਿਲ ਹੋਏ। ਸਮੀਖਿਆ ਬੈਠਕ ਤੋਂ ਬਾਅਦ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗ੍ਰੀਨ ਦਿੱਲੀ ਐਪ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 29 ਅਕਤੂਬਰ ਨੂੰ ਦੁਪਹਿਰ 12 ਵਜੇ ਕਰਨਗੇ। ਇਸ ਐਪ ਤੋਂ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਮੇਂ ਦੀ ਹੱਦ ਹੋਵੇਗੀ, ਜਿਸ ਤਹਿਤ ਸਬੰਧਿਤ ਵਿਭਾਗ ਨੂੰ ਸ਼ਿਕਾਇਤ ਦਾ ਨਿਪਟਾਰਾ ਕਰਨਾ ਪਵੇਗਾ।
ਮਾਨੀਟ੍ਰਿੰਗ ਲਈ ਬਣਿਆ ਗ੍ਰੀਨ ਵਾਰ ਰੂਮ
ਦਰਅਸਲ, ਇਸ ਐਪ ਨਾਲ ਸਬੰਧਿਤ ਵਿਭਾਗ ਜੁੜੇ ਰਹਿਣਗੇ ਅਤੇ ਪ੍ਰਦੂਸ਼ਣ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਆਉਣ ‘ਤੇ ਉਹ ਖੁਦ ਹੀ ਸਬੰਧਤ ਵਿਭਾਗ ਕੋਲ ਚਲੀ ਜਾਵੇਗੀ। ਇਸ ਐਪ ਨਾਲ ਸਬੰਧਿਤ ਨੋਡਲ ਅਧਿਕਾਰੀ ਅਤੇ ਵਿਭਾਗ ਦੇ ਹੋਰ ਅਧਿਕਾਰੀ ਜੁੜੇ ਹੋਣਗੇ । ਗ੍ਰੀਨ ਦਿੱਲੀ ਐਪ ਫੋਟੋ ਅਤੇ ਵੀਡੀਓ ਸ਼ਿਕਾਇਤ ‘ਤੇ ਅਧਾਰਿਤ ਹੋਵੇਗੀ। ਜੇਕਰ ਸ਼ਿਕਾਇਤ ਦਾ ਸਮੇਂ ਸਿਰ ਨਿਪਟਾਰਾ ਨਾ ਕੀਤਾ ਗਿਆ ਤਾਂ ਸਬੰਧਤ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਸਰਕਾਰ ਨੇ ਜੰਗ ਪ੍ਰਦੂਸ਼ਣ ਵਿਰੁੱਧ ਮੁਹਿੰਮ ਚਲਾਈ ਹੈ । ਜਿਸ ਦੇ ਤਹਿਤ ਦਿੱਲੀ ਵਿੱਚ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ । ਦਿੱਲੀ ਸਕੱਤਰੇਤ ਵਿੱਚ ਪ੍ਰਦੂਸ਼ਣ ਦੀ ਨਿਗਰਾਨੀ ਲਈ ਇੱਕ ਗ੍ਰੀਨ ਵਾਰ ਰੂਮ ਵੀ ਬਣਾਇਆ ਗਿਆ ਹੈ। ਹਾਲਾਂਕਿ, ਸਾਰੀਆਂ ਕੋਸ਼ਿਸ਼ਾਂ ਦੇ ਵਿਚਕਾਰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਡਿੱਗਦਾ ਜਾ ਰਿਹਾ ਹੈ।