ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਛੱਠ ਪੂਜਾ ਨੂੰ ਲੈ ਕੇ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਕੇਜਰੀਵਾਲ ਨੇ ਛੱਠ ਪੂਜਾ ਨੂੰ ਮਨਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਲਿਖਿਆ,”ਦਿੱਲੀ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਦੀ ਸਥਿਤੀ ਠੀਕ ਹੈ। ਜਿਸ ਕਾਰਨ ਕੋਰੋਨਾ ਪ੍ਰੋਟੋਕੋਲ ਦਾ ਪੂਰਾ ਧਿਆਨ ਰੱਖਦੇ ਹੋਏ ਛੱਠ ਪੂਜਾ ਮਨਾਉਣ ਦੀ ਆਗਿਆ ਦੇਣੀ ਚਾਹੀਦੀ ਹੈ।”
ਉਨ੍ਹਾਂ ਨੇ ਅੱਗੇ ਲਿਖਿਆ ਕਿ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਆਦਿ ਗੁਆਂਢੀ ਰਾਜਾਂ ਨੇ ਵੀ ਆਪਣੇ ਨਾਗਰਿਕਾਂ ਦੀ ਸਿਹਤ ਤੇ ਸੁਰੱਖਿਆ ਵਿਵਸਥਾ ਨਾਲ ਛੱਠ ਪੂਜਾ ਮਨਾਉਣ ਦੀ ਆਗਿਆ ਦਿੱਤੀ ਹੈ। ਉਨ੍ਹਾਂ ਨੇ ਬੇਨਤੀ ਕਰਦਿਆਂ ਕਿਹਾ ਕਿ ਜਲਦ ਹੀ DDMA ਦੀ ਬੈਠਕ ਬੁਲਾ ਕੇ ਛੱਠ ਪੂਜਾ ਸਮਾਗਮ ਦੇ ਆਯੋਜਨ ਦੀ ਆਗਿਆ ਦਿੱਤੀ ਜਾਵੇ।
ਦੱਸ ਦੇਈਏ ਕਿ ਦਿੱਲੀ ਵਿੱਚ ਛੱਠ ਪੂਜਾ ਦੀ ਆਗਿਆ ਇੱਕ ਸਿਆਸੀ ਮੁੱਦਾ ਬਣਦੀ ਜਾ ਰਹੀ ਹੈ। ਇਸ ਤੋਂ ਪਹਿਲਾਂ ਭਾਜਪਾ ਵੱਲੋਂ ਵੀ ਛੱਠ ਪੂਜਾ ਦੀ ਹਿਮਾਇਤ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਵਿੱਚ ਦਿੱਲੀ ਤੋਂ ਭਾਜਪਾ ਦੇ ਸਾਬਕਾ ਪ੍ਰਧਾਨ ਮਨੋਜ ਤਿਵਾਰੀ ਜ਼ਖਮੀ ਵੀ ਹੋ ਗਏ ਸਨ।