CM Kejriwal big announcement: ਨਵੀਂ ਦਿੱਲੀ: ਦੀਵਾਲੀ ਦਾ ਤਿਉਹਾਰ ਜਲਦ ਹੀ ਆਉਣ ਵਾਲਾ ਹੈ ਅਤੇ ਸਾਰਿਆਂ ਨੇ ਸਾਲ ਭਰ ਆਉਣ ਵਾਲੇ ਇਸ ਤਿਉਹਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ । ਪਰ ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਦੀਵਾਲੀ ਨਾਲ ਜੁੜਿਆ ਇੱਕ ਐਲਾਨ ਕੀਤਾ ਹੈ। ਜਿਸ ਦੇ ਤਹਿਤ ਦਿੱਲੀ ਵਾਲਿਆਂ ਨੂੰ ਇਸ ਵਾਰ ਦੀਵਾਲੀ ‘ਤੇ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਯਾਨੀ ਕਿ ਇਸ ਵਾਰ ਵੀ ਦਿੱਲੀ ਵਿੱਚ ਪਟਾਕਾ ਮੁਕਤ ਦੀਵਾਲੀ ਮਨਾਈ ਜਾਵੇਗੀ। ਸੀਐਮ ਕੇਜਰੀਵਾਲ ਨੇ ਕੋਰੋਨਾ ਅਤੇ ਹਵਾ ਪ੍ਰਦੂਸ਼ਣ ਕਾਰਨ ਪੂਰੀ ਦਿੱਲੀ ਵਿੱਚ ਪਟਾਕੇ ਬੈਨ ਕਰਨ ਦੀ ਗੱਲ ਕਹੀ ਹੈ।
ਦਿੱਲੀ ਵਿੱਚ ਹਵਾ ਪ੍ਰਦੂਸ਼ਣ ‘ਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ,’ਅਸੀਂ ਦੇਖ ਰਹੇ ਹਾਂ ਕਿ ਅਸਮਾਨ ਧੂੰਏਂ ਨਾਲ ਭਰਿਆ ਹੋਇਆ ਹੈ ਅਤੇ ਇਸ ਕਾਰਨ ਕੋਰੋਨਾ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ । ਪਿਛਲੀ ਵਾਰ ਵੀ ਅਸੀਂ ਦੀਵਾਲੀ ਦੇ ਸਮੇਂ ਪਟਾਕੇ ਨਾ ਚਲਾਉਣ ਦੀ ਸਹੁੰ ਖਾਦੀ ਸੀ। ਦੀਵਾਲੀ ‘ਤੇ ਅਸੀਂ ਸਾਰਿਆਂ ਨੇ ਮਿਲ ਕੇ ਕਨੌਟ ਪਲੇਸ ਦੇ ਅੰਦਰ ਦੀਵਾਲੀ ਮਨਾਈ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਅਸੀਂ ਸਾਰੇ ਮਿਲ ਕੇ ਦੀਵਾਲੀ ਮਨਾਵਾਂਗੇ, ਪਰ ਪਟਾਕੇ ਨਹੀਂ ਚਲਾਵਾਂਗੇ । ਕਿਸੇ ਵੀ ਸਥਿਤੀ ਵਿੱਚ ਪਟਾਕੇ ਨਾ ਚਲਾਓ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਉਹ ‘ਇਸ ਵਾਰ ਅਸੀਂ ਦੀਵਾਲੀ ਦੇ ਲਈ ਵੱਖਰੇ ਪ੍ਰਬੰਧ ਕਰ ਰਹੇ ਹਨ । ਦੀਵਾਲੀ ਦੇ ਦਿਨ 14 ਤਰੀਕ ਨੂੰ 7 ਵਜ ਕੇ 39 ਮਿੰਟ ‘ਤੇ ਅਸੀਂ ਦਿੱਲੀ ਦੇ ਸਾਰੇ ਲੋਕ ਮਿਲ ਕੇ ਲਕਸ਼ਮੀ ਪੂਜਾ ਕਰਾਂਗੇ। ਮੈਂ ਆਪਣੇ ਮੰਤਰੀਆਂ ਨਾਲ ਦਿੱਲੀ ਵਿੱਚ ਇੱਕ ਜਗ੍ਹਾ ਲਕਸ਼ਮੀ ਪੂਜਾ ਦੀ ਸ਼ੁਰੂਆਤ ਕਰਾਂਗਾ। ਕੁਝ ਟੀਵੀ ਚੈਨਲ ਇਸ ਦਾ ਸਿੱਧਾ ਪ੍ਰਸਾਰਣ ਕਰਨਗੇ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀ ਵੀ ਉਸ ਸਮੇਂ ਆਪਣੇ ਘਰ ਵਿੱਚ ਆਪਣੇ ਪਰਿਵਾਰ ਨਾਲ ਬੈਠ ਕੇ ਲਕਸ਼ਮੀ ਪੂਜਾ ਕਰਨ।’
ਦੱਸ ਦੇਈਏ ਕਿ ਕੇਜਰੀਵਾਲ ਨੇ ਆਨਲਾਈਨ ਸੰਬੋਧਨ ਵਿੱਚ ਕਿਹਾ, ‘ਫਿਲਹਾਲ ਕੋਰੋਨਾ ਅਤੇ ਪ੍ਰਦੂਸ਼ਣ ਦੋਵਾਂ ਦਾ ਬਹੁਤ ਵੱਡਾ ਤਣਾਅ ਹੈ । ਦਿੱਲੀ ਦੇ ਲੋਕ ਤੇ ਦਿੱਲੀ ਸਰਕਾਰ ਮਿਲ ਕੇ ਸਥਿਤੀ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰ ਰਹੇ ਹਨ । ਪ੍ਰਦੂਸ਼ਣ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ, ਜਿਸ ਕਾਰਨ ਪਰਾਲੀ ਸਾੜਨ ਦੀ ਸਮੱਸਿਆ ਸਾਲਾਂ ਤੋਂ ਕਾਇਮ ਹੈ । ਉਨ੍ਹਾਂ ਕਿਹਾ, ‘ਪ੍ਰਦੂਸ਼ਣ ਹਰ ਸਾਲ ਇਸ ਸਮੇਂ ਹੁੰਦਾ ਹੈ ਕਿਉਂਕਿ ਪਰਾਲੀ ਸਾੜਨ ਦਾ ਧੂੰਆਂ ਦਿੱਲੀ ਵੱਲ ਆਉਂਦਾ ਹੈ । ਦੁੱਖ ਦੀ ਗੱਲ ਇਹ ਹੈ ਕਿ ਇਹ ਪਿਛਲੇ ਕਈ ਸਾਲਾਂ ਤੋਂ ਇਹ ਵਾਪਰ ਰਿਹਾ ਹੈ, ਪਰ ਉਨ੍ਹਾਂ ਸਰਕਾਰਾਂ ਵੱਲੋਂ ਉਨ੍ਹਾਂ ਦੇ ਕਿਸਾਨਾਂ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ।’