CM Tirath Singh Rawat controversial statement: ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ 21 ਮਾਰਚ ਯਾਨੀ ਕਿ ਬੀਤੇ ਦਿਨ ਇੱਕ ਤੋਂ ਬਾਅਦ ਇੱਕ ਵਿਵਾਦਪੂਰਨ ਬਿਆਨ ਦਿੱਤੇ । ਸੀਐਮ ਰਾਵਤ ਨੇ ਇੱਕ ਬਿਆਨ ਵਿੱਚ ਭਾਰਤ ਨੂੰ 200 ਸਾਲਾਂ ਤੱਕ ਅਮਰੀਕਾ ਦਾ ਗੁਲਾਮ ਦੱਸਿਆ । ਇਸ ਦੌਰਾਨ ਇੱਕ ਹੋਰ ਵਿਵਾਦਪੂਰਨ ਬਿਆਨ ਦਿੰਦੇ ਹੋਏ ਸੀਐਮ ਰਾਵਤ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ-19 ਦੌਰਾਨ ਜੇਕਰ ਵਧੇਰੇ ਰਾਸ਼ਨ ਚਾਹੀਦਾ ਸੀ ਤਾਂ ਉਨ੍ਹਾਂ ਨੂੰ ਦੋ ਦੀ ਬਜਾਏ ਵਧੇਰੇ ਬੱਚੇ ਪੈਦਾ ਕਰਨੇ ਚਾਹੀਦੇ ਸਨ। ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿਖੇ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਰਾਵਤ ਨੇ ਕਿਹਾ ਕਿ ਕੋਵਿਡ-19 ਪ੍ਰਭਾਵਿਤ ਵਿਅਕਤੀਆਂ ਨੂੰ ਪ੍ਰਤੀ ਯੂਨਿਟ ਪੰਜ ਕਿਲੋਗ੍ਰਾਮ ਰਾਸ਼ਨ ਦਿੱਤਾ ਗਿਆ ਸੀ ਅਤੇ ਜਿਸ ਦੇ 20 ਬੱਚੇ ਸਨ ਉਨ੍ਹਾਂ ਨੂੰ ਇੱਕ ਕੁਇੰਟਲ ਰਾਸ਼ਨ ਮਿਲਿਆ, ਜਦੋਂਕਿ ਜਿਸ ਦੇ ਦੋ ਬੱਚੇ ਸਨ, ਉਸ ਨੂੰ 10 ਕਿਲੋਗ੍ਰਾਮ ਮਿਲਿਆ ਸੀ।
ਉਨ੍ਹਾਂ ਇਸ ਬਾਰੇ ਬੋਲਦਿਆਂ ਅੱਗੇ ਕਿਹਾ ਇਸਦਾ ਕੌਣ ਦੋਸ਼ੀ ਹੈ? ਉਸਨੇ 20 ਬੱਚਿਆਂ ਨੂੰ ਪੈਦਾ ਕੀਤਾ ਤਾਂ ਉਸ ਨੂੰ ਇੱਕ ਕੁਇੰਟਲ ਰਾਸ਼ਨ ਮਿਲਿਆ, ਤਾਂ ਇਸ ਵਿੱਚ ਈਰਖਾ ਕਿਉਂ।ਜਦੋਂ ਸਮਾਂ ਸੀ, ਤੁਸੀਂ ਉਦੋਂ ਸਿਰਫ ਦੋ ਹੀ ਪੈਦਾ ਕੀਤੇ, 20 ਕਿਉਂ ਨਹੀਂ ਕੀਤੇ?” ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਵਤ ਨੇ ਅਜਿਹਾ ਵਿਵਾਦਪੂਰਨ ਬਿਆਨ ਦਿੱਤਾ ਹੈ। ਬੀਤੇ ਮੰਗਲਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਰਾਵਤ ਨੇ ਕਿਹਾ ਕਿ ਰੀਤੀ ਰਿਵਾਜਾਂ ਦੀ ਅਣਹੋਂਦ ਵਿੱਚ ਨੌਜਵਾਨਾਂ ਨੇ ਅਜੀਬੋ ਗਰੀਬ ਫੈਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਗੋਡਿਆਂ ਤੱਕ ਫਟੀ ਜੀਨਸ ਪਾ ਕੇ ਆਪਣੇ ਆਪ ਨੂੰ ਵੱਡੇ ਬਾਪ ਦਾ ਪੁੱਤਰ ਸਮਝਦੇ ਹਨ।
ਦੱਸ ਦੇਈਏ ਕਿ ਇਸੇ ਸਮਾਰੋਹ ਵਿੱਚ ਮੁੱਖ ਮੰਤਰੀ ਰਾਵਤ ਨੇ ਭਾਰਤ ਨੂੰ ਬ੍ਰਿਟੇਨ ਦੀ ਬਜਾਏ ਅਮਰੀਕਾ ਦਾ ਗੁਲਾਮ ਕਿਹਾ ਅਤੇ ਕਿਹਾ ਕਿ ਕੋਵਿਡ-19 ਨੇ ਵੀ ਉਸਦੀ ਸ਼ਕਤੀ ਘਟਾ ਦਿੱਤੀ ਸੀ। ਉਨ੍ਹਾਂ ਕਿਹਾ ਜਿੱਥੇ ਅਸੀਂ 200 ਸਾਲਾਂ ਤੱਕ ਅਮਰੀਕਾ ਦੇ ਗੁਲਾਮ ਸੀ, ਪੂਰੀ ਦੁਨੀਆ ਦੇ ਅੰਦਰ ਉਸਦਾ ਰਾਜ ਸੀ। ਇਹ ਕਿਹਾ ਜਾਂਦਾ ਸੀ ਕਿ ਉਸ ਦੇ ਰਾਜ ਵਿੱਚ ਕਦੇ ਸੂਰਜ ਛੁਪਦਾ ਨਹੀਂ, ਪਰ ਅੱਜ ਦੇ ਸਮੇਂ ਵਿੱਚ ਉਹ ਵੀ ਹਿੱਲ ਗਿਆ।”