CM Uddhav Thackeray announced: ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਬਹੁਤ ਜ਼ਿਆਦਾ ਭਿਆਨਕ ਹੋ ਗਈ ਹੈ। ਮੰਗਲਵਾਰ ਨੂੰ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 60,212 ਨਵੇਂ ਕੇਸ ਸਾਹਮਣੇ ਆਏ ਅਤੇ 281 ਲੋਕਾਂ ਦੀ ਮੌਤ ਹੋ ਗਈ । ਅਜਿਹੇ ਵਿੱਚ ਮਹਾਰਾਸ਼ਟਰ ਸਰਕਾਰ ਨੇ ਸਥਿਤੀ ਨੂੰ ਵੇਖਦੇ ਹੋਏ 14 ਅਪ੍ਰੈਲ ਯਾਨੀ ਕਿ ਅੱਜ ਤੋਂ ਰਾਜ ਭਰ ਵਿੱਚ ਰਾਤ 8 ਵਜੇ ਤੋਂ 15 ਦਿਨਾਂ ਦੇ ਕਰਫਿਊ ਦਾ ਐਲਾਨ ਕੀਤਾ ਹੈ।
ਸੰਕ੍ਰਮਣ ਦੇ ਮਾਮਲੇ ਚਿੰਤਾਜਨਕ ਢੰਗ ਨਾਲ ਵਧਣ ਦੇ ਮੱਦੇਨਜ਼ਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰ ਰਹੇ ਹਨ ਕਿ ਉਹ ਮਹਾਰਾਸ਼ਟਰ ਵਿੱਚ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਉਹ ਪੱਛਮੀ ਬੰਗਾਲ ਤੋਂ ਜਾਂ ਉੱਤਰ-ਪੂਰਬੀ ਰਾਜਾਂ ਤੋਂ ਆਕਸੀਜਨ ਸਪਲਾਈ ਕਰਨ ਲਈ ਫੌਜੀ ਜਹਾਜ਼ ਭੇਜਣ । ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਠਾਕਰੇ ਨੇ ਕਿਹਾ ਕਿ ਲਾਕਡਾਊਨ ਦੀ ਤਰ੍ਹਾਂ ਪਾਬੰਦੀਆਂ ਲਾਗੂ ਰਹਿਣ ਤੱਕ ਅਪਰਾਧਿਕ ਪ੍ਰਣਾਲੀ ਦੀ ਧਾਰਾ 144 ਲਾਗੂ ਰਹੇਗੀ।
ਇਹ ਚੀਜ਼ਾਂ ਰਹਿਣਗੀਆਂ ਖੁੱਲ੍ਹੀਆਂ:
1. ਕਰਫਿਊ ਦੇ ਦੌਰਾਨ ਪੂਰੇ ਰਾਜ ਵਿੱਚ ਸਾਰੇ ਸਿਹਤ ਦੇਖਭਾਲ ਸੇਵਾਵਾਂ ਸਮੇਤ ਹਸਪਤਾਲ, ਕਲੀਨਿਕ, ਡਾਇਗਨੋਸਟਿਕ ਸੈਂਟਰ, ਮੈਡੀਕਲ ਬੀਮਾ ਦਫਤਰ, ਮੈਡੀਕਲ ਸਟੋਰ, ਫਾਰਮਾ ਕੰਪਨੀਆਂ ਖੁੱਲ੍ਹੀਆਂ ਰਹਿਣਗੀਆਂ ।
2. ਪੈੱਟ ਫ਼ੂਡ ਦੀਆਂ ਦੁਕਾਨਾਂ ਤੇ ਵੈਟਰਨਰੀ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ।
3. ਫਲ-ਸਬਜ਼ੀਆਂ ਦੀਆਂ ਦੁਕਾਨਾਂ, ਡੇਅਰੀਆਂ, ਬੇਕਰੀ ਅਤੇ ਕੇਟਰਿੰਗ ਦੀਆਂ ਦੁਕਾਨਾਂ ਖੁੱਲ੍ਹਣਗੀਆਂ।
4. ਜਨਤਕ ਟ੍ਰਾਂਸਪੋਰਟ ਸਮੇਤ ਹੋਰ ਆਵਾਜਾਈ ਸੇਵਾਵਾਂ ਜਿਵੇਂ ਕਿ ਬੱਸ, ਰੇਲ, ਆਟੋ, ਟੈਕਸੀ ਜਾਰੀ ਰਹਿਣਗੀਆਂ।
5. ਸਾਰੇ ਬੈਂਕ ਨਾਲ ਸਬੰਧਿਤ ਸੇਵਾਵਾਂ ਜਾਰੀ ਰਹਿਣਗੀਆਂ ਤੇ ਬੈਂਕ ਖੁੱਲ੍ਹੇ ਰਹਿਣਗੇ।
6. ਈ-ਕਾਮਰਸ ਸੇਵਾਵਾਂ ਜ਼ਰੂਰੀ ਸੇਵਾਵਾਂ ਲਈ ਜਾਰੀ ਰਹਿਣਗੀਆਂ।
7. ਮੀਡੀਆ ਨਾਲ ਜੁੜੀਆਂ ਸੇਵਾਵਾਂ ਜਾਰੀ ਰਹਿਣਗੀਆਂ।
8. ਆਈਟੀ ਨਾਲ ਸਬੰਧਿਤ ਸੇਵਾਵਾਂ, ਪੈਟਰੋਲ ਪੰਪ ਅਤੇ ਕਾਰਗੋ ਸੇਵਾ ਜਾਰੀ ਰਹੇਗੀ।
9. ਉਸਾਰੀ ਕਰਮਚਾਰੀਆਂ ਨੂੰ ਸਾਈਟ ‘ਤੇ ਰਹਿਣ ਲਈ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
10. ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ ਸਿਰਫ ਹੋਮ ਡਿਲਿਵਰੀ ਹੋਵੇਗੀ।
ਇਹ ਚੀਜ਼ਾਂ ਰਹਿਣਗੀਆਂ ਬੰਦ:
- ਕਰਫਿਊ ਦੌਰਾਨ ਰਾਜ ਭਰ ਵਿੱਚ ਧਾਰਾ 144 ਲਾਗੂ ਰਹੇਗੀ।
- ਬਿਨ੍ਹਾਂ ਕਿਸੇ ਕਾਰਨ ਘਰੋਂ ਨਿਕਲਣ ‘ਤੇ ਪਾਬੰਦੀ ਹੋਵੇਗੀ।
- ਸਿਨੇਮਾ ਹਾਲ ਅਤੇ ਡਰਾਮਾ ਥੀਏਟਰ ਬੰਦ ਰਹਿਣਗੇ।
- ਵੀਡੀਓ ਗੇਮ ਪਾਰਲਰ ਅਤੇ ਮਨੋਰੰਜਨ ਪਾਰਕ ਬੰਦ ਰਹਿਣਗੇ।
- ਵਾਟਰ ਪਾਰਕ ਵੀ ਬੰਦ ਰਹਿਣਗੇ।
- ਕਲੱਬ, ਸਵੀਮਿੰਗ ਪੂਲ, ਜਿੰਮ ਅਤੇ ਸਪੋਰਟਸ ਕੰਪਲੈਕਸ ਵੀ ਬੰਦ ਰਹਿਣਗੇ।
ਇਹ ਵੀ ਦੇਖੋ: ਦੇਸੀ ਤਰੀਕਿਆਂ ਨਾਲ ਵਰਜਿਸ਼ ਕਰਕੇ ਸਟੀਲ ਬਾਡੀ ਬਣਾ ਲਈ ਗੁਰਦਾਸਪੁਰ ਦੇ ਇਸ ਨੌਜਵਾਨ ਨੇ