ਨੇਪਾਲ ਦੇ ਮਸ਼ਹੂਰ ਪਰਬਤਰੋਹੀ ਕਾਮੀ ਰੀਤਾ ਸ਼ੇਰਪਾ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ‘ਤੇ 29ਵੀਂ ਵਾਰ ਚੜ੍ਹਾਈ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਐਵਰੇਸਟ ‘ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਕੇ ਇਤਿਹਾਸ ਰਚ ਦਿੱਤਾ।
ਸੈਰ-ਸਪਾਟਾ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੈਰ-ਸਪਾਟਾ ਵਿਭਾਗ ਦੇ ਨਿਰਦੇਸ਼ਕ ਰਾਕੇਸ਼ ਗੁਰੰਗ ਮੁਤਾਬਕ ਤਜਰਬੇਕਾਰ ਪਰਬਤਾਰੋਹੀ ਸ਼ੇਰਪਾ (54) ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 7.25 ਵਜੇ 8,849 ਮੀਟਰ ਉੱਚੀ ਚੋਟੀ ‘ਤੇ ਪਹੁੰਚੇ। ਨੇਪਾਲ ਦੇ ‘ਸੇਵਨ ਸਮਿਟ ਟ੍ਰੇਕਸ’ ਨੇ ਇਸ ਪਰਬਤਾਰੋਹੀ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਤੇ ਇਸ ਵਿਚ 20 ਪਰਬਤਰੋਹੀ ਸ਼ਾਮਲ ਹੋਏ ਸਨ। ਨੇਪਾਲ ਦੇ 13 ਪਰਬਤਰੋਹੀਆਂ ਤੋਂ ਇਲਾਵਾ ਬਾਕੀ ਅਮਰੀਕਾ, ਕੈਨੇਡਾ ਤੇ ਕਜ਼ਾਕਿਸਤਾਨ ਦੇ ਸਨ।
‘ਸੇਵਨ ਸਮਿਟ ਟ੍ਰੈਕਸ’ ਦੇ ਸੀਨੀਅਰ ਪਰਬਤੀ ਗਾਈਡ ਕਾਮੀ ਦਾ ਜਨਮ 17 ਜਨਵਰੀ 1970 ਨੂੰ ਹੋਇਆ ਸੀ। ਉੁਨ੍ਹਾਂ ਦੇ ਪਿਤਾ 1950 ਵਿਚ ਐਵਰੇਸਟ ਨੂੰ ਵਿਦੇਸ਼ੀ ਪਰਬਤਰੋਹੀਆਂ ਲਈ ਖੋਲ੍ਹੇ ਜਾਣ ਦੇ ਬਾਅਦ ਪਹਿਲੇ ਪੇਸ਼ੇਵਰ ਸ਼ੇਰਪਾ ਗਾਈਡਾਂ ਵਿਚੋਂ ਇਕ ਸਨ। ਉਨ੍ਹਾਂ ਦੇ ਭਰਾ ਲਕਪਾ ਰੀਟਾ ਵੀ ਇਕ ਗਾਈਡ ਹਨ ਜਿਨ੍ਹਾਂ ਨੇ 17 ਵਾਰ ਐਵਰੇਸਟ ‘ਤੇ ਚੜ੍ਹਾਈ ਕੀਤੀ ਹੈ। ਕਾਮੀ ਨੇ ਸਭ ਤੋਂ ਪਹਿਲਾਂ 1992 ਵਿਚ ਮਾਊਂਟ ਐਵਰੇਸਟ ਦੀ ਚੜ੍ਹਾਈ ਕੀਤੀ ਸੀ। ਉਦੋਂ ਉੁਹ ਇਕ ਸਹਾਇਕ ਵਜੋਂ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਦਬੋਚਿਆ ਪਟਵਾਰੀ ਦਾ ਸਾਥੀ, ਜ਼ਮੀਨ ਦੇ ਇੰਤਕਾਲ ਬਦਲੇ ਲਈ ਸੀ 3,000 ਰੁ. ਦੀ ਰਿਸ਼ਵਤ
2017 ਵਿਚ ਕਾਮੀ ਰੀਤਾ 21 ਵਾਰ ਮਾਊਂਟ ਐਵਰੇਸਟ ਦੇ ਸਿਖਰ ‘ਤੇ ਪਹੁੰਚਣ ਵਾਲੇ ਤੀਜੇ ਵਿਅਕਤੀ ਸਨ। ਉਨ੍ਹਾਂ ਨੇ ਇਹ ਰਿਕਾਰਡ ਅਪਾ ਸ਼ੇਰਪਾ ਤੇ ਫੁਰਬਾ ਤਾਸ਼ੀ ਸ਼ੇਰਪਾ ਦੇ ਨਾਲ ਸਾਂਝਾ ਕੀਤਾ। ਅਪਾ ਸ਼ੇਰਪਾ ਤੇ ਤਾਸ਼ੀ ਸ਼ੇਰਪਾ ਬਾਅਦ ਵਿਚ ਰਿਟਾਇਰ ਹੋ ਗਏ।
16 ਮਈ 2018 ਨੂੰ 48 ਸਾਲ ਦੀ ਉਮਰ ਵਿਚ ਕਾਮੀ ਰੀਤਾ 22 ਵਾਰ ਮਾਊਂਟ ਐਵਰੇਸਟ ‘ਤੇ ਚੜ੍ਹਨ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ। ਕਾਮੀ ਰੀਤਾ ਕੁੱਲ ਮਿਲਾ ਕੇ 38 ਵਾਰ 8000 ਮੀਟਰ ਤੋਂ ਉੱਚੇ ਪਰਬਤ ਚੋਟੀਆਂ ਨੂੰ ਫਤਿਹ ਕਰ ਚੁੱਕੇ ਹਨ। ਇਨ੍ਹਾਂ ਵਿਚ ਐਵਰੇਸਟ (29), ਚੋ-ਓਯੂ 8 ਵਾਰ (2001, 2004, 2006, 2009, 2011, 2013, 2014 ਤੇ 2016), ਲਹੋਤਸੇ ਇਕ ਵਾਰ (2011) ਤੇ ਕੇ2 ਇਕ ਵਾਰ (2014) ਸ਼ਾਮਲ ਹਨ।