Coronavirus impact on swimming: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਅਗਲੇ 2-3 ਮਹੀਨਿਆਂ ਵਿੱਚ ਸਵੀਮਿੰਗ ਪੂਲ ਖੋਲ੍ਹਣ ਦੀ ਉਮੀਦ ਨਹੀਂ ਹੈ। ਅਜਿਹੀ ਸਥਿਤੀ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਤੈਰਾਕ ਟ੍ਰੇਨਿੰਗ ਲਈ ਵਿਦੇਸ਼ ਜਾ ਰਹੇ ਹਨ। ਇਸ ਦੇ ਨਾਲ ਹੀ ਸਵੀਮਿੰਗ ਫੈਡਰੇਸ਼ਨ ਆਫ ਇੰਡੀਆ (SFI) ਨੇ ਵੀ ਖੇਡ ਮੰਤਰਾਲੇ ਤੋਂ ਵਿਦੇਸ਼ਾਂ ਵਿੱਚ ਟ੍ਰੇਨਿੰਗ ਕੈਂਪ ਲਗਾਉਣ ਦੀ ਆਗਿਆ ਮੰਗੀ ਹੈ।
ਐਸਐਫਆਈ ਦੇ ਸਕੱਤਰ ਮੋਨਾਲ ਚੌਕਸੀ ਨੇ ਦੱਸਿਆ ਕਿ ਫੈਡਰੇਸ਼ਨ ਅੰਤਰਰਾਸ਼ਟਰੀ ਉਡਾਣ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਟ੍ਰੇਨਿੰਗ ਦੇਣ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਪ੍ਰਸਤਾਵ ਤਿਆਰ ਕਰਕੇ ਖੇਡ ਮੰਤਰਾਲੇ ਅਤੇ ਖੇਡ ਅਥਾਰਟੀ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਅਮਰੀਕਾ ਵਿੱਚ 2 ਮਹੀਨਿਆਂ ਲਈ ਟ੍ਰੇਨਿੰਗ ਲਈ ਪ੍ਰਵਾਨਗੀ ਦਿੱਤੀ ਗਈ ਸੀ, ਪਰ ਲਾਕਡਾਊਨ ਕਾਰਨ ਟ੍ਰੇਨਿੰਗ ਮੁਲਤਵੀ ਕਰ ਦਿੱਤੀ ਗਈ ਅਤੇ ਫੈਡਰੇਸ਼ਨ ਨੇ ਇਹ ਪੈਸਾ ਖੇਡ ਮੰਤਰਾਲੇ ਨੂੰ ਵਾਪਸ ਕਰ ਦਿੱਤਾ । ਹੁਣ ਫੈਡਰੇਸ਼ਨ ਦੁਬਾਰਾ ਖੇਡ ਮੰਤਰਾਲੇ ਤੋਂ ਫੰਡਾਂ ਦੀ ਮੰਗ ਕਰੇਗੀ, ਤਾਂ ਜੋ ਤੈਰਾਕਾਂ ਨੂੰ ਵਿਦੇਸ਼ਾਂ ਵਿੱਚ ਟ੍ਰੇਨਿੰਗ ਦਿੱਤੀ ਜਾ ਸਕੇ।
ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਸਵਿਮਰ ਅਦਵੈਤ ਪਾਗੇ ਅਗਸਤ ਦੇ ਪਹਿਲੇ ਹਫਤੇ ਅਮਰੀਕਾ ਦੀ ਯਾਤਰਾ ਕਰਨਗੇ। ਪਾਗੇ ਅਮਰੀਕਾ ਦੀ ਸੈਂਟਰਲ ਫਲੋਰੀਡਾ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਅਤੇ ਕਾਲਜ ਦੀ ਟੀਮ ਨਾਲ ਸਵੀਮਿੰਗ ਦਾ ਅਭਿਆਸ ਕਰਦੇ ਹਨ। ਉਥੇ ਕਾਲਜ ਤੈਰਾਕੀ ਦਾ ਸੀਜ਼ਨ ਸਤੰਬਰ ਤੋਂ ਸ਼ੁਰੂ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਉਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਉੱਥੇ ਪਹੁੰਚਣ ਦੀ ਤਿਆਰੀ ਕਰ ਰਹੇ ਹਨ, ਤਾਂ ਜੋ ਉਹ ਟੋਕਿਓ ਖੇਡਾਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਣ।
ਇਸ ਸਬੰਧੀ ਚੌਕਸੀ ਨੇ ਦੱਸਿਆ ਕਿ ਭਾਰਤ ਦੇ 6 ਤੈਰਾਕਾਂ ਨੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਇਨ੍ਹਾਂ ਵਿੱਚ ਵੀਰਧਵਲ ਖਾੜੇ, ਸਾਜਨ ਪ੍ਰਕਾਸ਼, ਸ੍ਰੀਹਾਰੀ ਨਟਰਾਜ, ਕੁਸ਼ਗਰਾ ਰਾਵਤ, ਐਸਪੀ ਲਿਖਿਥ ਅਤੇ ਅਦਵੈਤ ਪਾਗੇ ਸ਼ਾਮਿਲ ਹਨ। ਇਸ ਦੇ ਨਾਲ ਹੀ ਆਰੀਅਨ ਮਖੀਜਾ ਅਤੇ ਨੀਲ ਰਾਏ ਦੇ ਵੀ ਓਲੰਪਿਕ ਲਈ ਕੁਆਲੀਫਾਈ ਹੋਣ ਦੀ ਉਮੀਦ ਹੈ। ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਨੇ ਪਿਛਲੇ ਮਹੀਨੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ ਓ ਪੀ) ਨੂੰ ਹਾਕੀ, ਕੁਸ਼ਤੀ, ਨਿਸ਼ਾਨੇਬਾਜ਼ੀ, ਬਾਕਸਿੰਗ ਸਮੇਤ 11 ਖੇਡਾਂ ਦੀ ਟ੍ਰੇਨਿੰਗ ਸ਼ੁਰੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਸੀ, ਪਰ ਕੋਰੋਨਾ ਲਾਗ ਦੇ ਡਰ ਕਾਰਨ ਸਵੀਮਿੰਗ ਪੂਲ ਅਤੇ ਜਿੰਮ ਖੋਲ੍ਹਣ ਦੀ ਪ੍ਰਵਾਨਗੀ ਅਜੇ ਤੱਕ ਨਹੀਂ ਦਿੱਤੀ ਹੈ।