Coronavirus in Bihar: ਪਟਨਾ: ਬਿਹਾਰ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਕੋਰੋਨਾ ਨੇ ਪਟਨਾ ਸਥਿਤ ਸੀ.ਐੱਮ ਹਾਊਸ ਤੋਂ ਬਾਅਦ ਹੁਣ ਰਾਜ ਭਵਨ ਵਿੱਚ ਦਸਤਕ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਪਟਨਾ ਸਥਿਤ ਰਾਜ ਭਵਨ ਦੀ ਸੁਰੱਖਿਆ ਸਮੇਤ ਹੋਰ ਵਿਭਾਗਾਂ ਨਾਲ ਸਬੰਧਿਤ 20 ਲੋਕ ਕੋਵਿਡ -19 ਪਾਜ਼ੀਟਿਵ ਪਾਏ ਗਏ ਹਨ। ਬਹੁਤ ਸਾਰੇ ਕਰਮਚਾਰੀ ਇਕੱਠੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਰਾਜ ਭਵਨ ਵਿੱਚ ਹੜਕੰਪ ਮਚ ਗਿਆ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਿਹਾਰ ਵਿੱਚ ਕੋਰੋਨਾ ਵਾਇਰਸ ਨੇ ਭਾਜਪਾ ਮੁੱਖ ਦਫ਼ਤਰ ਵਿੱਚ ਦਸਤਕ ਦਿੱਤੀ, ਜਿੱਥੇ 75 ਵਰਕਰ ਅਤੇ ਅਧਿਕਾਰੀ ਪਾਜ਼ੀਟਿਵ ਪਾਏ ਗਏ। ਉੱਥੇ ਹੀ ਬੁੱਧਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੰਜੇ ਜੈਸਵਾਲ ਸਣੇ ਉਨ੍ਹਾਂ ਦੀ ਪਤਨੀ ਅਤੇ ਮਾਂ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ ।
ਜ਼ਿਕਰਯੋਗ ਹੈ ਕਿ ਬਿਹਾਰ ਵਿੱਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 18 ਹਜ਼ਾਰ ਨੂੰ ਪਾਰ ਕਰ ਗਈ ਹੈ, ਉੱਥੇ ਹੀ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਬਿਮਾਰੀ ਨੇ ਕਈ ਸੰਸਦ ਮੈਂਬਰਾਂ ਤੋਂ ਲੈ ਕੇ ਮੰਤਰੀ-ਐਮ.ਐਲ.ਏ ਅਤੇ ਆਈ.ਏ.ਐੱਸ., ਆਈਪੀਐਸ ਅਧਿਕਾਰੀਆਂ ਨੂੰ ਆਪਣੀ ਚਪੇਟ ਵਿੱਚ ਲਿਆ ਹੈ । ਮੰਗਲਵਾਰ ਨੂੰ ਜਿੱਥੇ ਇੱਕ ਅੰਡਰ ਸੈਕਟਰੀ ਪੱਧਰ ਦੇ ਅਧਿਕਾਰੀ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ, ਉੱਥੇ ਹੀ ਰਾਜ ਦੇ ਸੀਨੀਅਰ ਆਈਏਐਸ ਅਧਿਕਾਰੀ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਬਿਹਾਰ ਵਿੱਚ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੱਲ੍ਹ ਯਾਨੀ ਕਿ 16 ਜੁਲਾਈ ਤੋਂ 31 ਜੁਲਾਈ ਤੱਕ ਫਿਰ ਤੋਂ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।