Covid-19 cases India Update: ਨਵੀਂ ਦਿੱਲੀ: ਦੇਸ਼ ਵਿੱਚ ਹਰ ਦਿਨ ਰਿਕਾਰਡ ਪੱਧਰ ‘ਤੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ । ਪਿਛਲੇ 24 ਘੰਟਿਆਂ ਵਿੱਚ ਇਸ ਵਾਇਰਸ ਨਾਲ 279 ਲੋਕਾਂ ਦੀ ਮੌਤ ਹੋ ਗਈ ਹੈ ਅਤੇ 9985 ਨਵੇਂ ਕੇਸ ਦਰਜ ਕੀਤੇ ਗਏ ਹਨ । ਦੇਸ਼ ਵਿੱਚ ਲਗਾਤਾਰ ਸੱਤਵੀਂ ਵਾਰ 10 ਹਜ਼ਾਰ ਦੇ ਕਰੀਬ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ । ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 2 ਲੱਖ 76 ਹਜ਼ਾਰ 583 ਵਿਅਕਤੀ ਕੋਰੋਨਾ ਨਾਲ ਪੀੜਤ ਹੋਏ ਹਨ । ਇਸ ਵਿਚੋਂ 7745 ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 1 ਲੱਖ 33 ਹਜ਼ਾਰ ਲੋਕ ਠੀਕ ਵੀ ਹੋ ਚੁੱਕੇ ਹਨ ।
ਭਾਰਤ ਦੁਨੀਆ ਵਿੱਚ ਕੋਰੋਨਾ ਨਾਲ ਚੌਥਾ ਸਭ ਤੋਂ ਵੱਧ ਸੰਕਰਮਿਤ ਦੇਸ਼ ਬਣਨ ਦੀ ਕਗਾਰ ‘ਤੇ ਹੈ । ਇਸ ਸਮੇਂ ਅਮਰੀਕਾ, ਬ੍ਰਾਜ਼ੀਲ, ਰੂਸ, ਸਪੇਨ, ਬ੍ਰਿਟੇਨ ਤੋਂ ਬਾਅਦ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ ਛੇਵੇਂ ਨੰਬਰ ‘ਤੇ ਹੈ । ਇਸ ਦੇ ਨਾਲ ਹੀ ਭਾਰਤ ਵਿੱਚ ਵੱਧ ਰਹੇ ਮਾਮਲਿਆਂ ਦੀ ਰਫ਼ਤਾਰ ਦੁਨੀਆ ਵਿੱਚ ਤੀਜੇ ਨੰਬਰ ‘ਤੇ ਬਣੀ ਹੋਈ ਹੈ. ਬੁੱਧਵਾਰ ਨੂੰ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ।
ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਵਿੱਚ 1 ਲੱਖ 33 ਹਜ਼ਾਰ ਕੋਰੋਨਾ ਦੇ ਸਰਗਰਮ ਮਾਮਲੇ ਹਨ । ਸਭ ਤੋਂ ਵੱਧ ਸਰਗਰਮ ਮਾਮਲੇ ਮਹਾਰਾਸ਼ਟਰ ਵਿੱਚ ਹਨ । ਮਹਾਰਾਸ਼ਟਰ ਵਿੱਚ 45 ਹਜ਼ਾਰ ਮਰੀਜ਼ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ। ਇਸ ਤੋਂ ਬਾਅਦ ਦਿੱਲੀ ਦੂਜੇ ਨੰਬਰ ‘ਤੇ, ਤਾਮਿਲਨਾਡੂ ਤੀਜੇ ਨੰਬਰ ‘ਤੇ, ਗੁਜਰਾਤ ਚੌਥੇ ਨੰਬਰ ‘ਤੇ ਹੈ ਅਤੇ ਪੱਛਮੀ ਬੰਗਾਲ ਪੰਜਵੇਂ ਨੰਬਰ ‘ਤੇ ਹੈ । ਇਨ੍ਹਾਂ ਪੰਜਾਂ ਰਾਜਾਂ ਵਿੱਚ ਸਭ ਤੋਂ ਵੱਧ ਸਰਗਰਮ ਕੇਸ ਹਨ ।ਐਕਟਿਵ ਕੇਸਾਂ ਵਿੱਚ ਭਾਰਤ ਦੁਨੀਆ ਵਿੱਚ ਚੌਥੇ ਨੰਬਰ ‘ਤੇ ਹੈ । ਯਾਨੀ ਭਾਰਤ ਚੌਥਾ ਦੇਸ਼ ਹੈ ਜਿਥੇ ਜ਼ਿਆਦਾਤਰ ਕੋਰੋਨਾ ਦੇ ਮਰੀਜ਼ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ ।