COVID 19 hotel fire: ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਸਥਿਤ ਇੱਕ ਹੋਟਲ ਵਿੱਚ ਅੱਗ ਲੱਗ ਗਈ। ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ਫਾਇਰ ਟੈਂਡਰ ਮੌਕੇ ਪਹੁੰਚ ਗਏ ਹਨ ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਦਰਅਸਲ, ਇਸ ਹੋਟਲ ਨੂੰ ਕੋਵਿਡ ਸੈਂਟਰ ਵਜੋਂ ਵਰਤਿਆ ਜਾ ਰਿਹਾ ਸੀ। ਫਿਲਹਾਲ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਹਾਦਸਾ ਹੋਟਲ ਸਵਰਨ ਪੈਲੇਸ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਵਿੱਚ ਤਕਰੀਬਨ 40 ਲੋਕਾਂ ਮੌਜੂਦ ਸਨ। ਇਸ ਵਿੱਚ 30 ਮਰੀਜ਼ ਕੋਰੋਨਾ ਦੇ ਅਤੇ 10 ਲੋਕਾਂ ਦਾ ਹਸਪਤਾਲ ਸਟਾਫ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15 ਲੋਕ ਬਚਾਏ ਜਾ ਚੁੱਕੇ ਹਨ। ਕਾਫ਼ੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈਡੀ ਨੇ ਇਸ ਘਟਨਾ ‘ਤੇ ਦੁੱਖ ਜ਼ਾਹਿਰ ਕੀਤਾ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ । ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ਨੂੰ ਇੱਕ ਨਿੱਜੀ ਹਸਪਤਾਲ ਨੇ ਕਿਰਾਏ ‘ਤੇ ਲਿਆ ਸੀ। ਇਸ ਘਟਨਾ ਦੀ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਇੱਥੇ ਇਲਾਜ ਲਈ ਰੱਖਿਆ ਗਿਆ ਸੀ।
ਮੁੱਖ ਮੰਤਰੀ ਨੇ ਸਾਰੇ ਜ਼ਖਮੀਆਂ ਦਾ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ । ਇਸ ਦੇ ਨਾਲ ਹੀ ਜਗਨਮੋਹਨ ਰੈਡੀ ਨੇ ਸਾਰੇ ਅਧਿਕਾਰੀਆਂ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਸਿੱਧੀ ਰਿਪੋਰਟ ਉਨ੍ਹਾਂ ਨੂੰ ਦੇਣ ਲਈ ਕਿਹਾ ਹੈ।