covid-19 vaccine trials in india: Covid-19 vaccine: ਇਨਕਾਰ ਕਰਨ ਤੋਂ ਬਾਅਦ, ਆਖਰਕਾਰ, ਰੂਸ ਦੀ ਕੋਰੋਨਾ ਵੈਕਸੀਨ ਸਪੁਟਨਿਕ ਵੀ ਨੂੰ ਭਾਰਤ ਵਿੱਚ ਟ੍ਰਾਇਲ ਦੀ ਆਗਿਆ ਦੇ ਦਿੱਤੀ ਗਈ ਹੈ। ਭਾਰਤ ਦੇ ਡਰੱਗ ਕੰਟਰੋਲਰ ਨੇ ਡਾ: ਰੈਡੀਜ਼ ਲੈਬ ਨੂੰ ਦੂਜੇ ਅਤੇ ਤੀਜੇ ਪੜਾਅ ਦੇ ਟਰਾਇਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ਦੀ ਇਸ ਵੈਕਸੀਨ ‘ਤੇ ਦੁਨੀਆ ਭਰ ‘ਚ ਬਹੁਤ ਵਿਵਾਦ ਹੋਇਆ ਹੈ, ਇਸ ਦੇ ਟੈਸਟਿੰਗ ਬਾਰੇ ਸਵਾਲ ਖੜ੍ਹੇ ਹੁੰਦੇ ਰਹੇ ਹਨ। ਡੀਸੀਜੀਆਈ ਯਾਨੀ ਕਿ ਡਰੱਗ ਕੰਟਰੋਲਰ ਆਫ ਇੰਡੀਆ ਨੇ ਵੀ ਸ਼ੁਰੂ ‘ਚ ਡਾ: ਰੈਡੀਜ਼ ਲੈਬ ਦੇ ਪ੍ਰਸਤਾਵ ‘ਤੇ ਸਵਾਲ ਚੁੱਕੇ ਸਨ। ਡੀਸੀਜੀਆਈ ਨੇ ਕਿਹਾ ਕਿ ਰੂਸ ਵਿੱਚ ਇਸ ਦੀ ਬਹੁਤ ਘੱਟ ਆਬਾਦੀ ‘ਤੇ ਪਰਖ ਕੀਤੀ ਗਈ ਹੈ, ਇਸ ਲਈ ਇਸ ਨੂੰ ਮਨਜ਼ੂਰੀ ਦੇਣਾ ਸੁਰੱਖਿਅਤ ਨਹੀਂ ਹੋਵੇਗਾ। ਪਰ ਹੁਣ ਇਸ ਦੇ ਫੇਸ ਤਿੰਨ ਦੇ ਆਖਰੀ ਟ੍ਰਾਇਲ ਨੂੰ ਮਨਜ਼ੂਰੀ ਮਿਲ ਗਈ ਹੈ, ਇਸ ਦੀ ਭਾਰਤ ‘ਚ ਰੇਜਿਸਟ੍ਰੇਸ਼ਨ ਹੋਣ ਤੋਂ ਬਾਅਦ 40,000 ਵਾਲੰਟੀਅਰਾਂ ‘ਤੇ ਟੈਸਟ ਕੀਤੇ ਜਾਣਗੇ।
ਸਤੰਬਰ ਵਿੱਚ ਡਾ. ਰੈਡੀਜ਼ ਲੈਬ ਅਤੇ ਰੂਸ ਦੀ ਆਰਡੀਆਈਐਫ ਨੇ ਭਾਰਤ ‘ਚ ਸਪੁਟਨਿਕ ਵੀ ਦੇ ਟ੍ਰਾਇਲ ਲਈ ਸਾਂਝੇਦਾਰੀ ਕੀਤੀ ਸੀ, ਪਰ ਡੀਸੀਡੀਆਈ ਨੇ ਇਸ ਲਈ ਮਨਜ਼ੂਰੀ ਨਹੀਂ ਦਿੱਤੀ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤਹਿਤ ਭਾਰਤ ਨੂੰ ਟੀਕੇ ਦੀਆਂ ਇੱਕ ਕਰੋੜ ਖੁਰਾਕਾਂ ਮਿਲਣਗੀਆਂ। ਡਾ. ਰੈਡੀਜ਼ ਲੈਬ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਜੀ ਵੀ ਪ੍ਰਸਾਦ ਨੇ ਕਿਹਾ, “ਅਸੀਂ ਸਾਰੀ ਪ੍ਰਕਿਰਿਆ ਦੌਰਾਨ ਵਿਗਿਆਨਕ ਕਠੋਰਤਾ ਅਤੇ ਡੀਸੀਜੀਆਈ ਦੇ ਮਾਰਗਦਰਸ਼ਨ ਨੂੰ ਸਵੀਕਾਰ ਕਰਦੇ ਹਾਂ। ਟ੍ਰਾਇਲ ਦੀ ਮਨਜ਼ੂਰੀ ਪ੍ਰਾਪਤ ਕਰਨਾ ਇੱਕ ਵੱਡਾ ਕਦਮ ਹੈ। ਅਸੀਂ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਲਿਆਉਣ ਲਈ ਵਚਨਬੱਧ ਹਾਂ।” ਤੁਹਾਨੂੰ ਦੱਸ ਦੇਈਏ ਕਿ 11 ਅਗਸਤ ਨੂੰ, ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ ਬਣਾਉਣ ਦਾ ਐਲਾਨ ਕੀਤਾ ਸੀ। ਇਹ ਐਲਾਨ ਖ਼ੁਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੀਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਟੀਕੇ ਦੀ ਇੱਕ ਖ਼ੁਰਾਕ ਮੇਰੀ ਬੇਟੀ ਨੂੰ ਵੀ ਦਿੱਤੀ ਗਈ ਹੈ। ਇਸ ਨੇ ਸਰੀਰ ਅੰਦਰ ਐਂਟੀਬਾਡੀਜ਼ ਬਣਾਈਆਂ ਹਨ।