Covid patient dies: ਹੈਦਰਾਬਾਦ: ਤੇਲੰਗਾਨਾ ਦੇ ਕਰੀਮਨਗਰ ਦੇ ਸਰਕਾਰੀ ਹਸਪਤਾਲ ਦੀ ਲਾਪਰਵਾਹੀ ਕਾਰਨ ਇੱਕ ਕਰੋਨਾ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਕਰੀਮਨਗਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਬਜ਼ੁਰਗ ਮਰੀਜ਼ ਦੀ ਬੈੱਡ ਤੋਂ ਡਿੱਗਣ ਨਾਲ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਬੈੱਡ ਤੋਂ ਡਿੱਗਣ ਤੋਂ ਬਾਅਦ ਕੋਈ ਵੀ ਇਨਫੈਕਸ਼ਨ ਦੇ ਡਰੋਂ ਉਨ੍ਹਾਂ ਦੀ ਮਦਦ ਲਈ ਅੱਗੇ ਨਹੀਂ ਆਇਆ । ਮਰੀਜ਼ ਨੂੰ 22 ਜੁਲਾਈ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ 70 ਸਾਲਾਂ ਮਰੀਜ਼ ਗੰਗਾਧਰਾ ਮੰਡਲ ਵਿਚ ਵੈਂਕਟੈਪੱਲੀ ਦਾ ਰਹਿਣ ਵਾਲਾ ਸੀ । ਉਸਨੂੰ ਕੁਝ ਦਿਨਾਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਆਈ, ਜਿਸ ਤੋਂ ਬਾਅਦ ਉਸਦਾ ਕੋਰੋਨਾ ਦਾ ਟੈਸਟ ਕੀਤਾ ਗਿਆ, ਜੋ ਕਿ ਪਾਜ਼ੀਟਿਵ ਨਿਕਲਿਆ। ਹਸਪਤਾਲ ਵਿੱਚ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਸੀ । ਐਤਵਾਰ ਨੂੰ ਮਰੀਜ਼ ਬੈੱਡ ਤੋਂ ਬਾਹਰ ਡਿੱਗ ਪਿਆ ਅਤੇ ਆਕਸੀਜਨ ਦੀ ਸਪਲਾਈ ਬੰਦ ਹੋ ਗਈ। ਇਸ ਕਾਰਨ ਮਰੀਜ਼ ਦੀ ਮੌਤ ਹੋ ਗਈ। ਉਸੇ ਵਾਰਡ ਦੇ ਹੋਰ ਮਰੀਜ਼ਾਂ ਦਾ ਦੋਸ਼ ਹੈ ਕਿ 70 ਸਾਲਾਂ ਬਜ਼ੁਰਗ ਆਦਮੀ ਦੇ ਬੈੱਡ ਤੋਂ ਡਿੱਗਣ ਦੀ ਖ਼ਬਰ ਤੁਰੰਤ ਹਸਪਤਾਲ ਪ੍ਰਬੰਧਨ ਨੂੰ ਦਿੱਤੀ ਗਈ, ਪਰ ਕੋਈ ਜ਼ਰੂਰੀ ਕਦਮ ਨਹੀਂ ਚੁੱਕੇ ਗਏ । ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਪਰ ਲਾਗ ਦੇ ਡਰ ਕਾਰਨ ਕੋਈ ਵੀ ਹਸਪਤਾਲ ਤੋਂ ਮਦਦ ਲਈ ਅੱਗੇ ਨਹੀਂ ਆਇਆ ।
ਸੋਸ਼ਲ ਮੀਡੀਆ ‘ਤੇ ਇਸ ਮਰੀਜ਼ ਦੇ ਬੈੱਡ ਤੋਂ ਡਿੱਗਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਸਾਫ ਦਿਖਾਈ ਦੇ ਰਹੀ ਹੈ। ਹਸਪਤਾਲ ਪ੍ਰਸ਼ਾਸਨ ਨੇ ਵੀ ਇਸ ਘਟਨਾ ਨੂੰ ਸਵੀਕਾਰਦਿਆਂ ਇਸ ਦੁਖਦਾਈ ਘਟਨਾ ਦੇ ਪਿੱਛੇ ਮੈਡੀਕਲ ਸਟਾਫ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ ।ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 14 ਲੱਖ ਤੋਂ ਪਾਰ ਪਹੁੰਚ ਗਈ ਹੈ। ਐਤਵਾਰ ਨੂੰ ਲਗਾਤਾਰ ਚੌਥੇ ਦਿਨ 49 ਹਜ਼ਾਰ ਤੋਂ ਵੱਧ ਕੇਸਾਂ ਵਿੱਚ ਵਾਧਾ ਹੋਇਆ ਹੈ। 24 ਘੰਟਿਆਂ ਵਿੱਚ ਕੋਰੋਨਾ ਦੇ 49,931 ਨਵੇਂ ਮਰੀਜ਼ ਮਿਲੇ ਹਨ ਅਤੇ 708 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸਦੇ ਨਾਲ ਦੇਸ਼ ਵਿੱਚ ਹੁਣ ਤੱਕ 14 ਲੱਖ 35 ਹਜ਼ਾਰ 453 ਪੁਸ਼ਟੀਕਰਣ ਕੇਸ ਹੋਏ ਹਨ ।