COVID patient dies outside hospital: ਦੇਸ਼ ਵਿੱਚ ਇਸ ਸਮੇਂ ਕੋਰੋਨਾ ਮਹਾਂਮਾਰੀ ਪੂਰੀ ਤਰ੍ਹਾਂ ਤਬਾਹੀ ਮਚਾ ਰਹੀ ਹੈ। ਇਸਦੇ ਨਾਲ ਹੀ ਰਾਜ ਸਿਹਤ ਸਹੂਲਤਾਂ ਦੀ ਪੋਲ ਵੀ ਖੁੱਲ੍ਹਦੀ ਹੋਈ ਨਜ਼ਰ ਆ ਰਹੀ ਹੈ। ਝਾਰਖੰਡ ਦੇ ਵੱਡੇ ਸ਼ਹਿਰਾਂ ਦੀ ਹਾਲਤ ਵੀ ਕੁਝ ਵੱਖਰੀ ਨਹੀਂ ਹੈ। ਦਰਅਸਲ, ਇੱਥੇ ਪਿਛਲੇ ਦਿਨੀਂ ਇੱਕ ਕੋਰੋਨਾ ਪੀੜਤ ਮਰੀਜ਼ ਨੇ ਹਸਪਤਾਲ ਦੇ ਸਾਹਮਣੇ ਹੀ ਦਮ ਤੋੜ ਦਿੱਤਾ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਜ ਦੇ ਸਿਹਤ ਮੰਤਰੀ ਉਸੇ ਹਸਪਤਾਲ ਦਾ ਨਿਰੀਖਣ ਕਰਨ ਆਏ ਸਨ ।
ਦੱਸ ਦੇਈਏ ਕਿ ਝਾਰਖੰਡ ਦੇ ਹਜ਼ਾਰੀਬਾਗ ਤੋਂ ਰਾਜਧਾਨੀ ਰਾਂਚੀ ਵਿੱਚ ਇਲਾਜ ਲਈ ਆਏ 60 ਸਾਲਾਂ ਪਵਨ ਗੁਪਤਾ ਨੇ ਸਦਰ ਹਸਪਤਾਲ ਦੀ ਦਹਿਲੀਜ ‘ਤੇ ਦਮ ਤੋੜ ਦਿੱਤਾ । ਕੋਰੋਨਾ ਪੀੜਤ ਪਵਨ ਗੁਪਤਾ ਨੂੰ ਹਸਪਤਾਲ ਦੇ ਡਾਕਟਰਾਂ ਨੇ ਅਟੈਂਡ ਨਹੀਂ ਕੀਤਾ । ਪੀੜਤ ਦੀ ਕੁੜੀ ਅਤੇ ਹੋਰ ਰਿਸ਼ਤੇਦਾਰ ਹਸਪਤਾਲ ਦੇ ਬਾਹਰ ਮਿੰਨਤਾਂ ਕਰਦੇ ਰਹੇ, ਪਰ ਕਿਸੇ ਨੇ ਵੀ ਨਹੀਂ ਸੁਣੀ । ਉਸੇ ਸਮੇਂ ਰਾਜ ਦੇ ਸਿਹਤ ਮੰਤਰੀ ਬੰਨਾ ਗੁਪਤਾ ਵੀ ਉਥੇ ਮੌਜੂਦ ਸਨ, ਪਰ ਉਹ ਉਨ੍ਹਾਂ ਦੇ ਸਾਹਮਣਿਓਂ ਹੀ ਗੁਜ਼ਰ ਗਏ। ਅਜਿਹੀ ਸਥਿਤੀ ਵਿੱਚ ਮ੍ਰਿਤਕ ਦੀ ਧੀ ਨੇ ਮੰਤਰੀ ਨੂੰ ਬਹੁਤ ਸੁਣਾਇਆਅਤੇ ਕਿਹਾ ਕਿ ਲੀਡਰਾਂ ਨੂੰ ਸਿਰਫ ਵੋਟਾਂ ਨਾਲ ਮਤਲਬ ਹੈ, ਕੀ ਉਹ ਉਸਦੇ ਪਿਤਾ ਨੂੰ ਵਾਪਸ ਦੇ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਿਹਤ ਮੰਤਰੀ ਬੰਨਾ ਗੁਪਤਾ ਪੀਪੀਈ ਕਿੱਟ ਪਾ ਕੇ ਉਸੇ ਹਸਪਤਾਲ ਦਾ ਮੁਆਇਨਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਥੇ ਸਥਿਤੀ ਆਮ ਵਾਂਗ ਹੈ । ਪਰ ਇਸ ਦਾਅਵੇ ਦੇ ਕੁਝ ਮਿੰਟਾਂ ਬਾਅਦ ਹੀ ਸਾਰੀ ਪੋਲ ਖੁੱਲ੍ਹ ਗਈ। ਪਵਨ ਗੁਪਤਾ ਨੂੰ ਹਜਾਰੀਬਾਗ ਤੋਂ ਇਲਾਜ ਲਈ ਹਸਪਤਾਲ ਵਿੱਚ ਜਗ੍ਹਾ ਨਹੀਂ ਮਿਲੀ। ਪਰਿਵਾਰ ਡਾਕਟਰਾਂ ਨੂੰ ਅਪੀਲ ਕਰਦਾ ਰਿਹਾ ਪਰ ਕੁਝ ਨਹੀਂ ਹੋ ਸਕਿਆ।
ਇਹ ਵੀ ਦੇਖੋ: ਦੇਸੀ ਤਰੀਕਿਆਂ ਨਾਲ ਵਰਜਿਸ਼ ਕਰਕੇ ਸਟੀਲ ਬਾਡੀ ਬਣਾ ਲਈ ਗੁਰਦਾਸਪੁਰ ਦੇ ਇਸ ਨੌਜਵਾਨ ਨੇ