Covid tally crosses: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਕਹਿਰ ਮਚਾ ਰਿਹਾ ਹੈ। ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 7 ਲੱਖ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਦੇਸ਼ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 7 ਲੱਖ 19 ਹਜ਼ਾਰ 665 ਤੱਕ ਪਹੁੰਚ ਗਈ ਹੈ, ਜਿਸ ਵਿੱਚੋਂ 20 ਹਜ਼ਾਰ 160 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੋਰੋਨਾ ਤੋਂ ਤਕਰੀਬਨ 4 ਲੱਖ 40 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ ਲਗਭਗ 2 ਲੱਖ 60 ਹਜ਼ਾਰ ਐਕਟਿਵ ਕੇਸ ਹਨ ।
ਦਰਅਸਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 22 ਹਜ਼ਾਰ 252 ਨਵੇਂ ਕੇਸ ਸਾਹਮਣੇ ਆਏ ਹਨ ਅਤੇ 467 ਲੋਕਾਂ ਦੀ ਮੌਤ ਹੋ ਗਈ ਹੈ। ਆਈਸੀਐਮਆਰ ਦੇ ਅਨੁਸਾਰ 6 ਜੁਲਾਈ ਤੱਕ 1 ਕਰੋੜ 2 ਲੱਖ 11 ਹਜ਼ਾਰ 92 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ । ਇਸ ਵਿੱਚ 2 ਲੱਖ 41 ਹਜ਼ਾਰ 430 ਨਮੂਨਿਆਂ ਦਾ ਟੈਸਟ ਸਿਰਫ 6 ਜੁਲਾਈ ਨੂੰ ਕੀਤਾ ਗਿਆ ਸੀ, ਜਿਸ ਵਿੱਚ 22 ਹਜ਼ਾਰ ਤੋਂ ਵੱਧ ਲੋਕ ਪਾਜ਼ੀਟਿਵ ਨਿਕਲੇ ਹਨ।
ਮਹਾਂਰਾਸ਼ਟਰ ਦੇਸ਼ ਵਿੱਚ ਕੋਰੋਨਾ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਪਿਛਲੇ 24 ਘੰਟਿਆਂ ਵਿੱਚ 5 ਹਜ਼ਾਰ 368 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 204 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ । ਰਾਜ ਵਿੱਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 2 ਲੱਖ 11 ਹਜ਼ਾਰ 900 ਨੂੰ ਪਾਰ ਕਰ ਗਈ ਹੈ, ਜਦਕਿ 9026 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ।
ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਦੀ ਰਫਤਾਰ ਵਧਦੀ ਜਾ ਰਹੀ ਹੈ। ਸੋਮਵਾਰ ਨੂੰ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਨੇ ਇੱਕ ਲੱਖ ਦਾ ਅੰਕੜਾ ਪਾਰ ਕਰ ਲਿਆ । ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 1379 ਨਵੇਂ ਕੇਸ ਸਾਹਮਣੇ ਆਏ ਅਤੇ 48 ਮਰੀਜ਼ਾਂ ਦੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਹੈ ਕਿ ਦਿੱਲੀ ਵਿਚ ਰਿਕਵਰੀ ਦਰ ਵਿਚ ਸੁਧਾਰ ਹੋ ਰਿਹਾ ਹੈ ਅਤੇ ਇਸ ਸਮੇਂ 71.5 ਪ੍ਰਤੀਸ਼ਤ ਮਰੀਜ਼ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ। ਦਿੱਲੀ ਵਿੱਚ ਕੋਰੋਨਾ ਦੇ 25 ਹਜ਼ਾਰ 620 ਐਕਟਿਵ ਕੇਸ ਹਨ, ਜਦੋਂ ਕਿ ਲਗਭਗ 72 ਹਜ਼ਾਰ ਮਰੀਜ਼ ਠੀਕ ਹੋ ਚੁੱਕੇ ਹਨ ।