Covishield Vaccine Price: ਕੋਵੀਸ਼ੀਲਡ ਟੀਕਾ ਤਿਆਰ ਕਰਨ ਵਾਲੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬੁੱਧਵਾਰ ਨੂੰ ਰਾਜ ਸਰਕਾਰਾਂ ਅਤੇ ਨਿੱਜੀ ਹਸਪਤਾਲਾਂ ਲਈ ਆਪਣੀਆਂ ਨਵੀਆਂ ਕੀਮਤਾਂ ਦੀ ਸੂਚੀ ਜਾਰੀ ਕੀਤੀ ਹੈ । ਨਿੱਜੀ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਖੁਰਾਕ ਅਤੇ ਰਾਜ ਸਰਕਾਰਾਂ ਨੂੰ 400 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੈਕਸੀਨ ਦਿੱਤੀ ਜਾਵੇਗੀ । ਭਾਰਤ ਸਰਕਾਰ ਨੇ ਹਾਲ ਹੀ ਵਿੱਚ ਟੀਕਾਕਰਣ ਦੇ ਨਵੇਂ ਪੜਾਅ ਦਾ ਐਲਾਨ ਕੀਤਾ ਹੈ । ਇਸ ਪੜਾਅ ਵਿੱਚ ਰਾਜ ਸਰਕਾਰ ਅਤੇ ਪ੍ਰਾਈਵੇਟ ਹਸਪਤਾਲ ਟੀਕੇ ਨਿਰਮਾਤਾਵਾਂ ਤੋਂ ਸਿੱਧੇ ਟੀਕੇ ਦੀ ਖਰੀਦ ਕਰ ਸਕਣਗੇ । ਹੁਣ ਤੱਕ ਸਿਰਫ ਕੇਂਦਰ ਸਰਕਾਰ ਹੀ ਟੀਕਾ ਖਰੀਦ ਰਹੀ ਸੀ ਅਤੇ ਇਸ ਨੂੰ ਵੱਖ-ਵੱਖ ਰਾਜਾਂ ਵਿੱਚ ਵੰਡ ਰਹੀ ਸੀ।
ਕੇਂਦਰ ਸਰਕਾਰ ਦੇ ਅਨੁਸਾਰ ਕੇਂਦਰ ਸਰਕਾਰ ਨੂੰ ਅਜੇ ਵੀ 50 ਪ੍ਰਤੀਸ਼ਤ ਵੈਕਸੀਨ ਮਿਲੇਗੀ, ਜਦੋਂ ਕਿ ਬਾਕੀ 50 ਪ੍ਰਤੀਸ਼ਤ ਰਾਜ ਸਰਕਾਰਾਂ ਨਿਰਮਾਤਾਵਾਂ ਤੋਂ ਸਿੱਧਾ ਟੀਕਾ ਲੈ ਸਕਣਗੀਆਂ । ਨਾਲ ਹੀ, ਪ੍ਰਾਈਵੇਟ ਸੈਕਟਰ ਵੀ ਅਜਿਹਾ ਕਰਨ ਦੇ ਯੋਗ ਹੋ ਜਾਵੇਗਾ।
ਇਸ ਸਬੰਧੀ ਸੀਰਮ ਇੰਸਟੀਚਿਊਟ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਗਲੇ ਦੋ ਮਹੀਨਿਆਂ ਲਈ ਉਹ ਵੱਡੇ ਪੱਧਰ ‘ਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵੈਕਸੀਨ ਉਪਲਬਧ ਕਰਵਾਏਗਾ । ਟੀਕੇ ਦੇ ਉਤਪਾਦਨ ਦੇ 4-5 ਮਹੀਨਿਆਂ ਬਾਅਦ ਰਿਟੇਲ ਬਾਜ਼ਾਰ ਲਈ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਹੁਣ ਤੱਕ ਭਾਰਤ ਸਰਕਾਰ ਨੂੰ ਸੀਰਮ ਇੰਸਟੀਚਿਊਟ ਤੋਂ 200 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੈਕਸੀਨ ਮਿਲ ਰਹੀ ਸੀ। ਕੇਂਦਰ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਇਹ ਵੈਕਸੀਨ ਮੁਫਤ ਦਿੱਤੀ ਜਾ ਰਹੀ ਸੀ, ਜਦੋਂ ਕਿ ਪ੍ਰਾਈਵੇਟ ਸੈਂਟਰਾਂ ‘ਤੇ 250 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਕੀਮਤਾਂ ਨਿਰਧਾਰਤ ਕੀਤੀਆਂ ਗਈਆਂ ਸਨ।