Delhi 14 year Covid positive girl: ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਕੋਵਿਡ ਕੇਅਰ ਸੈਂਟਰ ਵਿੱਚ ਇੱਕ 14 ਸਾਲਾਂ ਲੜਕੀ ‘ਤੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ । ਦਰਅਸਲ, ਪੀੜਤ ਲੜਕੀ ਕੋਰੋਨਾ ਵਾਇਰਸ ਦੀ ਸ਼ਿਕਾਰ ਸੀ, ਜਿਸ ਕਾਰਨ ਉਸ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਉਥੇ ਇੱਕ ਕੋਰੋਨਾ ਪਾਜ਼ੀਟਿਵ ਆਦਮੀ ਨੇ ਨਾਬਾਲਿਗ ਲੜਕੀ ਦਾ ਯੌਨ ਸ਼ੋਸ਼ਣ ਕੀਤਾ ।
ਦੱਖਣੀ ਦਿੱਲੀ ਦੇ ਕੋਵਿਡ ਕੇਅਰ ਸੈਂਟਰ ਵਿਖੇ ਵਾਪਰੀ ਘਟਨਾ ਨੇ ਹੜਕੰਪ ਮਚਾ ਦਿੱਤਾ । ਇਸ ਮਾਮਲੇ ਵਿਚ ਦੱਖਣੀ ਦਿੱਲੀ ਪੁਲਿਸ ਨੇ ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਦੋਸ਼ੀ ਨੇ ਨਾਬਾਲਿਗ ਦਾ ਯੌਨ ਸ਼ੋਸ਼ਣ ਕੀਤਾ ਜਦਕਿ ਦੂਜੇ ਮੁਲਜ਼ਮ ਨੇ ਇਸ ਘਟਨਾ ਵਿੱਚ ਉਸ ਦੀ ਮਦਦ ਕੀਤੀ। ਪੀੜਤ ਅਤੇ ਦੋਸ਼ੀ ਦਿੱਲੀ ਦੇ ਰਹਿਣ ਵਾਲੇ ਹਨ । ਪੁਲਿਸ ਅਨੁਸਾਰ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ।
ਜ਼ਿਕਰਯੋਗ ਹੈ ਕਿ ਕੋਵਿਡ ਕੇਅਰ ਸੈਂਟਰ ਵਿੱਚ ਇੱਕ ਨਾਬਾਲਿਗ ਲੜਕੀ ‘ਤੇ ਯੌਨ ਸ਼ੋਸ਼ਣ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕੋਰੋਨਾ ਵਾਇਰਸ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਸਾਰੇ ਦੇਸ਼ ਵਿੱਚ ਤਬਾਹੀ ਮਚਾਈ ਹੋਈ ਹੈ। ਹੁਣ ਤੱਕ ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1 ਲੱਖ 26 ਹਜ਼ਾਰ 322 ਤੋਂ ਪਾਰ ਹੋ ਗਈ ਹੈ, ਜਿਨ੍ਹਾਂ ਵਿਚੋਂ 3 ਹਜ਼ਾਰ 719 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਇਲਾਵਾ 1 ਲੱਖ 7 ਹਜ਼ਾਰ 650 ਲੋਕ ਠੀਕ ਹੋ ਚੁੱਕੇ ਹਨ। ਉੱਥੇ ਹੀ ਦੂਜੇ ਪਾਸੇ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 12 ਲੱਖ 38 ਹਜ਼ਾਰ 634 ਤੋਂ ਵੱਧ ਗਈ ਹੈ, ਜਿਨ੍ਹਾਂ ਵਿਚੋਂ 29 ਹਜ਼ਾਰ 861 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 7 ਲੱਖ 82 ਹਜ਼ਾਰ 606 ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ।