ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ ਤੋਂ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ ਦੀ ਐਤਵਾਰ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਵਿਦਿਆਰਥੀ ‘ਤੇ ਆਰੀਆਭੱਟ ਕਾਲਜ ‘ਚ ਤਿੰਨ ਨੌਜਵਾਨਾਂ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਕਲਾਸ ‘ਚ ਗਿਆ ਸੀ। ਵਿਦਿਆਰਥੀ ਦੀ ਪਛਾਣ ਨਿਖਿਲ ਚੌਹਾਨ ਵਾਸੀ ਪੱਛਮੀ ਵਿਹਾਰ ਵਜੋਂ ਹੋਈ ਹੈ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸਬੰਧੀ ਚਰਕ ਪਾਲਿਕਾ ਹਸਪਤਾਲ ਤੋਂ ਫ਼ੋਨ ਆਇਆ ਸੀ। ਫੋਨ ਕਰਨ ਵਾਲੇ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਛਾਤੀ ‘ਤੇ ਚਾਕੂ ਲੱਗਣ ਕਾਰਨ ਗੰਭੀਰ ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਲਿਆਂਦਾ ਗਿਆ ਹੈ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਹਸਪਤਾਲ ਤੋਂ ਸੂਚਨਾ ਮਿਲਣ ‘ਤੇ ਇਕ ਟੀਮ ਭੇਜੀ ਗਈ। ਉਥੇ ਜਾ ਕੇ ਪਤਾ ਲੱਗਾ ਕਿ ਨਿਖਿਲ ਚੌਹਾਨ ਵਾਸੀ ਪੱਛਮ ਵਿਹਾਰ ਨੂੰ ਦਾਖਲ ਕਰਵਾਇਆ ਗਿਆ ਹੈ। ਉਸ ਨੂੰ ਆਰੀਆਭੱਟ ਕਾਲਜ ਤੋਂ ਲਿਆਂਦਾ ਗਿਆ। ਪੁੱਛਗਿੱਛ ‘ਤੇ, ਪੁਲਿਸ ਨੂੰ ਪਤਾ ਲੱਗਾ ਕਿ ਨਿਖਿਲ ਸਕੂਲ ਆਫ ਓਪਨ ਲਰਨਿੰਗ ਵਿੱਚ ਬੀਏ ਰਾਜਨੀਤੀ ਸ਼ਾਸਤਰ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਅਧਿਕਾਰੀ ਨੇ ਦੱਸਿਆ ਕਿ ਕਰੀਬ ਸੱਤ ਦਿਨ ਪਹਿਲਾਂ ਐਸਓਐਲ ਦੇ ਇੱਕ ਵਿਦਿਆਰਥੀ ਨੇ ਕਾਲਜ ਵਿੱਚ ਨਿਖਿਲ ਦੀ ਪ੍ਰੇਮਿਕਾ ਨਾਲ ਦੁਰਵਿਵਹਾਰ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੁਪਹਿਰ ਕਰੀਬ 12.30 ਵਜੇ ਨਿਖਿਲ ਦੀ ਪ੍ਰੇਮਿਕਾ ਨਾਲ ਦੁਰਵਿਵਹਾਰ ਕਰਨ ਵਾਲਾ ਉਹੀ ਵਿਦਿਆਰਥੀ ਆਪਣੇ ਤਿੰਨ ਸਾਥੀਆਂ ਨਾਲ ਕਾਲਜ ਦੇ ਗੇਟ ਦੇ ਬਾਹਰ ਨਿਖਿਲ ਨੂੰ ਮਿਲਿਆ। ਇਸ ਤੋਂ ਬਾਅਦ ਉਸ ਨੇ ਨਿਖਿਲ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ। ਪੁਲਸ ਨੇ ਇਸ ਘਟਨਾ ਦੇ ਸਬੰਧ ‘ਚ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਨਿਖਿਲ ਦੀ ਮੌਤ ਨਾਲ ਪਰਿਵਾਰ ਸਦਮੇ ‘ਚ ਹੈ। ਇਸ ਦੇ ਨਾਲ ਹੀ ਆਰੀਆਭੱਟ ਕਾਲਜ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।