ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦਿੱਲੀ ਸਰਕਾਰ ਨੇ ਆਟੋ ਰਿਕਸ਼ਾ, ਟੈਕਸੀਆਂ, ਈ-ਰਿਕਸ਼ਾ ਅਤੇ ਜਨਤਕ ਆਵਾਜਾਈ ਦੇ ਡੇਢ ਲੱਖ ਤੋਂ ਵੱਧ ਚਾਲਕਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ । ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਐਤਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ।
ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਦੱਸਿਆ, “ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਟਰਾਂਸਪੋਰਟ ਵਿਭਾਗ ਨੇ 1 ਲੱਖ 55 ਹਜ਼ਾਰ 301 ਡਰਾਈਵਰਾਂ ਅਤੇ ਪੈਰਾ-ਟ੍ਰਾਂਜ਼ਿਟ ਵਾਹਨਾਂ ਦੇ ਮਾਲਕਾਂ ਲਈ 5000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ । ਇਹ ਪੈਸੇ ਸੋਮਵਾਰ ਤੋਂ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ।”
ਪਿਛਲੇ ਸਾਲ ਦੇਸ਼ ਵਿਆਪੀ ਲਾਕਡਾਊਨ ਦੌਰਾਨ ਇਨ੍ਹਾਂ ਡਰਾਈਵਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਗਈ ਸੀ । ਇਸ ਦੌਰਾਨ ਉਨ੍ਹਾਂ ਦਾ ਰਜਿਸਟ੍ਰੇਸ਼ਨ ਵੀ ਕੀਤਾ ਗਿਆ ਸੀ। ਪਿਛਲੇ ਸਾਲ ਰਜਿਸਟਰੀ ਕਰਵਾਉਣ ਵਾਲੇ ਡਰਾਈਵਰਾਂ ਨੂੰ ਇਸ ਸਾਲ ਦੁਬਾਰਾ ਰਜਿਸਟਰ ਹੋਣ ਦੀ ਜ਼ਰੂਰਤ ਨਹੀਂ ਹੈ।
ਦਿੱਲੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵਧੇਰੇ ਡਰਾਈਵਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈਆਂ ਨੂੰ ਵਿੱਤੀ ਸਹਾਇਤਾ ਵਜੋਂ ਭੁਗਤਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਲਾਕਡਾਊਨ ਦੌਰਾਨ ਸੀਮਿਤ ਆਰਥਿਕ ਗਤੀਵਿਧੀ ਅਤੇ ਚਾਲਕਾਂ ਨੂੰ ਆਰਥਿਕ ਤੰਗੀ ਦੇ ਮੱਦੇਨਜ਼ਰ 14 ਮਈ ਨੂੰ ਦਿੱਲੀ ਕੈਬਨਿਟ ਨੇ ਪਰਮਿਟ ਵਾਲੇ ਪੈਰਾ ਟਰਾਂਜ਼ਿਟ ਵਾਹਨਾਂ ਅਤੇ ਚਾਲਕਾਂ ਨੂੰ ਪੰਜ ਹਜ਼ਾਰ ਰੁਪਏ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਸੀ । ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪਿਛਲੇ ਸਾਲ 2 ਅਪ੍ਰੈਲ ਨੂੰ ਡਰਾਈਵਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ ।
ਇਹ ਵੀ ਦੇਖੋ: Lockdown/Curfew ਤੋਂ ਪਰੇਸ਼ਾਨ ਕਰਜ਼ ਹੇਠ ਦਬੇ Gym ਮਾਲਕ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਦਿੱਤੀ ਜਾਨ