ਰਾਜਧਾਨੀ ਦਿੱਲੀ ਵਿੱਚ ਵੈਕਸੀਨ ਦੀ ਘਾਟ ਕਾਰਨ ਨੌਜਵਾਨਾਂ ਦਾ ਟੀਕਾਕਰਨ ਅੱਜ ਤੋਂ ਰੁਕ ਗਿਆ ਹੈ । ਕੇਂਦਰ ਨੇ 18 ਤੋਂ 44 ਸਾਲ ਦੀ ਉਮਰ ਸਮੂਹ ਲਈ ਜੋ ਟੀਕੇ ਦਿੱਲੀ ਭੇਜੇ ਸਨ ਉਹ ਖਤਮ ਹੋ ਗਏ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਟੀਕਾ ਮੁਹੱਈਆ ਕਰਵਾਏ ਤਾਂ ਜੋ ਨੌਜਵਾਨਾਂ ਦਾ ਟੀਕਾਕਰਨ ਦੁਬਾਰਾ ਸ਼ੁਰੂ ਕੀਤਾ ਜਾ ਸਕੇ।
ਕੇਜਰੀਵਾਲ ਦੇ ਅਨੁਸਾਰ ਦਿੱਲੀ ਨੂੰ ਹਰ ਮਹੀਨੇ 80 ਲੱਖ ਟੀਕਿਆਂ ਦੀ ਖੁਰਾਕ ਦੀ ਜ਼ਰੂਰਤ ਹੈ, ਪਰ ਮਈ ਦੇ ਮਹੀਨੇ ਵਿੱਚ ਹੁਣ ਤੱਕ ਸਿਰਫ 16 ਲੱਖ ਟੀਕੇ ਪ੍ਰਾਪਤ ਹੋਏ ਹਨ। ਜੂਨ ਮਹੀਨੇ ਵਿੱਚ ਵੀ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਕੇਂਦਰ ਨੇ ਸਿਰਫ 8 ਲੱਖ ਟੀਕੇ ਦੇਣ ਦੀ ਗੱਲ ਕਹੀ ਹੈ । ਜੇ ਟੀਕੇ ਦੀ ਸਪਲਾਈ ਇੰਨੀ ਹੌਲੀ ਹੀ ਰਹੀ ਤਾਂ ਪੂਰੀ ਦਿੱਲੀ ਵਿੱਚ ਟੀਕਾਕਰਨ ਕਰਨ ਲਈ 30 ਮਹੀਨੇ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ।
ਦਰਅਸਲ, ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਵਿੱਚ ਟੀਕੇ ਦੀ ਘਾਟ ਸੰਬੰਧੀ ਇੱਕ ਪੱਤਰ ਲਿਖ ਕੇ ਜਲਦੀ ਤੋਂ ਜਲਦੀ ਵੈਕਸੀਨ ਉਪਲਬਧ ਕਰਵਾਏ ਜਾਣ ਦੀ ਅਪੀਲ ਕੀਤੀ ਤਾਂ ਜੋ ਬੰਦ ਕੇਂਦਰਾਂ ‘ਤੇ ਦੁਬਾਰਾ ਟੀਕਾਕਰਨ ਸ਼ੁਰੂ ਕੀਤਾ ਜਾ ਸਕੇ । ਇਸਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਵਿੱਚ ਵੈਕਸੀਨ ਦਾ ਕੋਟਾ ਵਧਾਉਣ ਦੀ ਅਪੀਲ ਵੀ ਕੀਤੀ ਹੈ ।
ਇਹ ਵੀ ਪੜ੍ਹੋ: ਇਸ ਸੂਬੇ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ ! 341 ਬੱਚੇ ਪਾਏ ਗਏ ਕੋਰੋਨਾ ਪਾਜ਼ੀਟਿਵ
ਕੇਜਰੀਵਾਲ ਨੇ ਡਿਜੀਟਲ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਕੋਰੋਨਾ ਦੀ ਇਸ ਲਹਿਰ ਨੇ ਜ਼ਿਆਦਾਤਰ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਅਤੇ ਹੁਣ ਦਿੱਲੀ ਵਿਚ ਨੌਜਵਾਨਾਂ ਲਈ ਟੀਕਾ ਵੀ ਖ਼ਤਮ ਹੋ ਗਿਆ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।”
ਇਸ ਤੋਂ ਅੱਗੇ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਦਿੱਲੀ ਵਿੱਚ ਕੋਰੋਨਾ ਦੀ ਰਫ਼ਤਾਰ ਕਾਫ਼ੀ ਘੱਟ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਲਾਗ ਦੀ ਦਰ 3.5% ‘ਤੇ ਆ ਗਈ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਦਾ ਖਤਰਾ ਟਲ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ ਸੰਕਰਮਣ ਦੇ 2,260 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 182 ਲੋਕਾਂ ਦੀ ਮੌਤ ਹੋ ਗਈ ਹੈ ।
ਇਹ ਵੀ ਦੇਖੋ: ਨੀਟੂ ਸ਼ਟਰਾਂ ਵਾਲਾ ਮੀਡੀਆ ਸਾਹਮਣੇ ਕੁਰਲਾਇਆ, ਕਹਿੰਦਾ ਸਿੱਧੂ ਮੂਸੇਵਾਲੇ ਨੇ ਦਿੱਤੀ ਗੋਲੀ ਮਾਰਨ ਦੀ ਧਮਕੀ!