Delhi Doctor died: ਦਿੱਲੀ ਵਿੱਚ ਇੱਕ ਡਾਕਟਰ ਦੀ ਕਰੋਨਾ ਨਾਲ ਮੌਤ ਹੋ ਗਈ । ਡਾਕਟਰ ਨੂੰ ਡਿਊਟੀ ਦੌਰਾਨ ਕੋਰੋਨਾ ਦੀ ਚਪੇਟ ਵਿੱਚ ਆ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਆਈ.ਸੀ.ਯੂ. ਵਿੱਚ ਸ਼ਨੀਵਾਰ ਰਾਤ ਉਨ੍ਹਾਂ ਦੀ ਮੌਤ ਹੋ ਗਈ ।
ਦਰਅਸਲ, ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਹਰ ਰੋਜ਼ ਡਰਾਉਣਾ ਰਿਕਾਰਡ ਬਣਾ ਰਹੇ ਹਨ। ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਤੋਂ ਸੰਕਰਮਣ ਦੇ 19906 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 410 ਲੋਕਾਂ ਦੀ ਮੌਤ ਹੋ ਗਈ ਹੈ । ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 528859 ਹੋ ਗਈ ਹੈ । ਇਸ ਮਹਾਂਮਾਰੀ ਦੇ ਕਾਰਨ ਹੁਣ ਤੱਕ 16095 ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇੱਥੇ ਰਾਹਤ ਦੀ ਗੱਲ ਹੈ ਕਿ ਹੁਣ ਤੱਕ 309713 ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ।
ਉੱਥੇ ਹੀ ਦੂਜੇ ਪਾਸੇ ਸ਼ਨੀਵਾਰ ਨੂੰ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 2948 ਨਵੇਂ ਕੇਸ ਦਰਜ ਕੀਤੇ ਗਏ । ਰਾਜਧਾਨੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 80 ਹਜ਼ਾਰ 188 ਹੋ ਗਈ ਹੈ, ਜਦੋਂ ਕਿ ਮੌਤਾਂ ਦੀ ਕੁੱਲ ਗਿਣਤੀ 2558 ਤੱਕ ਪਹੁੰਚ ਗਈ ਹੈ । ਇਸ ਦੇ ਨਾਲ ਹੀ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕਰੋਨਾ ਵਾਇਰਸ ਖ਼ਿਲਾਫ਼ ਜ਼ਬਰਦਸਤ ਜੰਗ ਛੇੜੀ ਹੋਈ ਹੈ । ਅਸੀਂ ਪੰਜ ਹਥਿਆਰਾਂ ਨਾਲ ਕੋਰੋਨਾ ਵਾਇਰਸ ਨਾਲ ਲੜ ਰਹੇ ਹਾਂ। ਸੀਐਮ ਕੇਜਰੀਵਾਲ ਨੇ ਕਿਹਾ ਕਿ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਵਧਾਉਣ, ਟੈਸਟਿੰਗ ਅਤੇ ਆਈਸੋਲੇਸ਼ਨ, ਆਕਸੀਮੀਟਰ ਅਤੇ ਪਲਾਜ਼ਮਾ ਥੈਰੇਪੀ ਅਤੇ ਸਰਵੇਖਣ ਅਤੇ ਜਾਂਚ ਵਰਗੇ ਹਥਿਆਰਾਂ ਨਾਲ ਅਸੀਂ ਕੋਰੋਨਾ ਨਾਲ ਲੜ ਰਹੇ ਹਾਂ ।