Delhi Flouting quarantine rules: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਜਿਸ ਕਾਰਨ ਹੁਣ ਸਰਕਾਰ ਦੀ ਚਿੰਤਾ ਵੀ ਵੱਧ ਗਈ ਹੈ । ਦਿੱਲੀ ਵਿੱਚ ਸ਼ਨੀਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਦੇ 2134 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦਿੱਲੀ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 38958 ਹੋ ਗਈ ਹੈ । ਇਸ ਲਈ ਲਾਗ ਦੀ ਰੋਕਥਾਮ ਲਈ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਉਪ ਰਾਜਪਾਲ ਅਨਿਲ ਬੈਜਲ ਨੇ ਕਈ ਕਦਮ ਚੁੱਕੇ ਹਨ।
ਉੱਥੇ ਹੀ ਦਿੱਲੀ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਗਈ ਹੈ । ਰਾਸ਼ਟਰੀ ਰਾਜਧਾਨੀ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 1271 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਨੂੰ ਵੀ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਜਾ ਰਹੀ ਹੈ। ਹੁਣ ਤੱਕ ਦਿੱਲੀ ਵਿੱਚ 14945 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ।
ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਸੰਕਟ ਵਿਚਾਲੇ ਹੁਣ ਨਿਯਮਾਂ ਦਾ ਉਲੰਘਣ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਦਿੱਲੀ ਦੇ ਉੱਪ-ਰਾਜਪਾਲ ਅਨਿਲ ਬੈਜਲ ਨੇ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਵੱਲੋਂ ਜਿਹੜੇ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਕੁਆਰੰਟੀਨ ਨਿਯਮ ਦਾ ਪਾਲਣ, ਸਮਾਜਿਕ ਦੂਰੀ ਦਾ ਪਾਲਣ, ਸਾਰੇ ਸਾਰਵਜਨਿਕ ਥਾਵਾਂ ਤੇ ਕੰਮ ਵਾਲਿਆਂ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ, ਸਾਰਵਜਨਿਕ ਥਾਵਾਂ ‘ਤੇ ਥੁੱਕਣ ਦੀ ਮਨਾਹੀ, ਸਾਰਵਜਨਿਕ ਥਾਵਾਂ ‘ਤੇ ਪਾਨ, ਗੁਟਖਾ ਤੇ ਤੰਬਾਕੂ ਦੇ ਸੇਵਨ ਦੀ ਮਨਾਹੀ ਆਦਿ ਸ਼ਾਮਿਲ ਹਨ।
ਇਨ੍ਹਾਂ ਪੰਜ ਨਿਯਮਾਂ ਅਤੇ ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਪਹਿਲੀ ਵਾਰ 500 ਰੁਪਏ ਜੁਰਮਾਨਾ ਹੋਵੇਗਾ। ਦੁਬਾਰਾ, ਇਨ੍ਹਾਂ ਨਿਰਦੇਸ਼ਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ। ਜੇ ਉਲੰਘਣਾ ਕਰਨ ਵਾਲੇ ਜੁਰਮਾਨਾ ਅਦਾ ਨਹੀਂ ਕਰਦੇ ਤਾਂ ਉਸ ਵਿਰੁੱਧ ਭਾਰਤੀ ਦੰਡ ਵਿਧਾਨ ਦੀ ਧਾਰਾ 188 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਦਿੱਲੀ ਮਹਾਂਮਾਰੀ ਰੋਗ (ਕੋਵਿਡ -19 ਦਾ ਪ੍ਰਬੰਧਨ) ਨਿਯਮਾਂ, 2020 ਦੀ ਉਲੰਘਣਾ ਕਰਨ ‘ਤੇ ਦਿੱਲੀ ਸਰਕਾਰ ਕਾਰਵਾਈ ਕਰੇਗੀ । ਇਸ ਦੇ ਤਹਿਤ ਦਿੱਲੀ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਦਿੱਲੀ ਸਰਕਾਰ ਦੇ ਡੀਜੀਐਚਐਸ, ਜ਼ਿਲ੍ਹਾ ਮੈਜਿਸਟਰੇਟ, ਮੁੱਖ ਜ਼ਿਲ੍ਹਾ ਮੈਡੀਕਲ ਅਫ਼ਸਰ, ਐਸਡੀਐਮ, ਜ਼ਿਲ੍ਹਾ ਨਿਗਰਾਨੀ ਅਫਸਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਦਿੱਲੀ ਦੇ ਅਧਿਕਾਰਤ ਅਧਿਕਾਰੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਅਧਿਕਾਰਤ ਅਧਿਕਾਰੀ ਅਤੇ ਦਿੱਲੀ ਪੁਲਿਸ ਦੇ ਉਪ-ਨਿਰੀਖਕ ਅਤੇ ਉਪਰੋਕਤ ਰੈਂਕ ਦੇ ਅਧਿਕਾਰੀ ਕਾਰਪੋਰੇਸ਼ਨ ਦੇ ਜ਼ੋਨ ਦੇ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਕਰਨ ਦੇ ਯੋਗ ਹੋਣਗੇ।